ਤਰਨ ਤਾਰਨ: 26 ਨਵੰਬਰ 2025 (ਜਗਜੀਤ ਸਿੰਘ) : ਇਤਿਹਾਸਕ ਕਿਸਾਨ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ ਮੌਕੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ 26 ਨਵੰਬਰ ਨੂੰ ਕੀਤੇ ਜਾਣਗੇ। ਇਸ ਸੰਦਰਭ ‘ਚ ਚੰਡੀਗੜ੍ਹ ਵਿੱਚ ਇੱਕ ਵੱਡੀ ਕਿਸਾਨ-ਮਜ਼ਦੂਰ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਐਸ.ਕੇ.ਐਮ. ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਕਨਵੀਨਰ ਨਛੱਤਰ ਸਿੰਘ ਮੁਗਲ ਚੱਕ ਦੀ ਪ੍ਰਧਾਨਗੀ ਹੇਠ ਹੋਈ।
ਤਰਸੇਮ ਸਿੰਘ ਲੋਹਾਰ ਅਤੇ ਮਨਜੀਤ ਸਿੰਘ ਬੱਗੂ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਦੇ ਕਿਸਾਨ ਆਪਣਾ ਨਿਰਧਾਰਤ ਕੋਟਾ ਪੂਰੀ ਤਰ੍ਹਾਂ ਪੂਰਾ ਕਰਦੇ ਹੋਏ ਰੈਲੀ ਵਿੱਚ ਸ਼ਮੂਲੀਅਤ ਲਈ ਪਹੁੰਚਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਅਤੇ ਮਜ਼ਦੂਰਾਂ ਲਈ ਨੁਕਸਾਨਦੇਹ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਤਿੰਨ ਖੇਤੀ ਕਾਨੂੰਨ ਰੱਦ ਕਰਨ ਅਤੇ ਸਾਰੀਆਂ ਫਸਲਾਂ ਲਈ ਸਵਾਮੀਨਾਥਨ ਕਮਿਸ਼ਨ ਅਨੁਸਾਰ ਐਮ.ਐਸ.ਪੀ. ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਇਸ ‘ਤੇ ਕੋਈ ਕਾਰਵਾਈ ਨਹੀਂ ਹੋਈ।
ਆਗੂਆਂ ਨੇ ਦੋਸ਼ ਲਗਾਇਆ ਕਿ ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ‘ਤੇ ਕੇਂਦਰ ਸਰਕਾਰ ਕਬਜ਼ਾ ਮਜ਼ਬੂਤ ਕਰ ਰਹੀ ਹੈ। ਇਸ ਤੋਂ ਇਲਾਵਾ, ਪੰਜਾਬ ਦੀ ਖੇਤੀਬਾੜੀ ਉਪਜ ਨੂੰ ਗੁਜਰਾਤ ਰਾਹੀਂ ਪਾਕਿਸਤਾਨ ਭੇਜਣ ਨਾਲ ਪੰਜਾਬ ਦੇ ਕਿਸਾਨਾਂ ਅਤੇ ਵਪਾਰੀਆਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਚੰਡੀਗੜ੍ਹ ਨੂੰ ਪੰਜਾਬ ਤੋਂ ਵੱਖ ਕਰਨ ਲਈ ਲਿਆਂਦੇ ਸੋਧ ਬਿੱਲ ਦੀ ਵੀ ਸਖ਼ਤ ਨਿੰਦਾ ਕੀਤੀ ਗਈ।
ਕਿਸਾਨ ਆਗੂਆਂ ਨੇ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ, ਪਿਛਲੀਆਂ ਕਾਂਗਰਸ ਸਰਕਾਰਾਂ ਨਾਲੋਂ ਵੱਧ ਪੰਜਾਬ ਵਿਰੋਧੀ ਨੀਤੀਆਂ ਅਪਣਾ ਰਹੀ ਹੈ, ਜਿਸਨੂੰ ਪੰਜਾਬੀ ਕਦੇ ਵੀ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਹੜ੍ਹ ਪੀੜਤਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ, ਜਿਸ ਵਿੱਚ ਪ੍ਰਤੀ ਏਕੜ 70 ਹਜ਼ਾਰ ਰੁਪਏ ਅਤੇ ਪ੍ਰਤੀ ਘਰ 10 ਲੱਖ ਰੁਪਏ ਦੀ ਸਹਾਇਤਾ ਸ਼ਾਮਲ ਹੋਵੇ।
ਮੀਟਿੰਗ ਵਿੱਚ ਦੁਦਲਜੀਤ ਸਿੰਘ ਦਿਆਲਪੁਰਾ, ਬਲਬੀਰ ਸਿੰਘ ਝਾਮਕਾ, ਦਲਵਿੰਦਰ ਸਿੰਘ ਪੰਨੂ, ਗੁਰਸਾਹਿਬ ਸਿੰਘ ਦਲ, ਦਿਲਬਾਗ ਸਿੰਘ ਲੱਖੋਵਾਲ, ਗੁਰਚਰਨ ਸਿੰਘ ਸਭਰਾ, ਪੂਰਨ ਸਿੰਘ ਮਾੜੀਮੇਘਾ, ਗੁਰਬਚਨ ਸਿੰਘ ਘਰਕਾ, ਹਰਜੀਤ ਸਿੰਘ ਰਵੀ, ਤਰਸੇਮ ਸਿੰਘ ਕਲਸੀ, ਸਤਪਾਲ ਸਿੰਘ ਨੱਥੋਕੇ, ਦਇਆ ਸਿੰਘ ਅਲਾਦੀਨਪੁਰ, ਸੁਖਦੇਵ ਸਿੰਘ ਤੂਰ, ਭੁਪਿੰਦਰ ਸਿੰਘ ਪੰਡੋਰੀ ਤਖ਼ਤਮਲ, ਅੰਮ੍ਰਿਤ ਪਾਲ ਸਿੰਘ ਜੋੜਾ ਸਮੇਤ ਕਈ ਆਗੂ ਹਾਜ਼ਰ ਸਨ।







