ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਯਾਦਗਾਰੀ ਡਾਕ ਟਿਕਟ ਅਤੇ ਵਿਸ਼ੇਸ਼ ਸਿੱਕਾ ਵੀ ਜਾਰੀ ਕੀਤਾ
ਕੁਰੂਕਸ਼ੇਤਰ: 26 ਨਵੰਬਰ 2025 (ਛਤਰਪਾਲ ਸਿੰਘ) : ਕੁਰੂਕਸ਼ੇਤਰ ‘ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਕੁਰੂਕਸ਼ੇਤਰ ਵਿੱਚ ਹੋਏ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਇੱਥੇ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਾਈ।
ਪ੍ਰਧਾਨ ਮੰਤਰੀ ਨੇ ਕਿਹਾ, “ਕੁਰੂਕਸ਼ੇਤਰ ਵਿੱਚ ਭਗਵਾਨ ਕ੍ਰਿਸ਼ਨ ਨੇ ਸੱਚ ਅਤੇ ਨਿਆਂ ਦੀ ਰੱਖਿਆ ਨੂੰ ਸ੍ਰੇਸ਼ਠ ਧਰਮ ਕਰਾਰ ਦਿੱਤਾ ਸੀ। ਗੁਰੂ ਤੇਗ ਬਹਾਦਰ ਜੀ ਨੇ ਵੀ ਇਸ ਧਰਮ ਦੀ ਪਾਲਣਾ ਕਰਦਿਆਂ ਹਿੰਦੂ ਧਰਮ ਦੀ ਰਾਖੀ ਲਈ ਆਪਣਾ ਸੀਸ ਕਟਵਾਇਆ, ਜਾਨ ਦੀ ਕੁਰਬਾਨੀ ਦਿੱਤੀ ਪਰ ਆਪਣਾ ਧਰਮ ਨਹੀਂ ਛੱਡਿਆ।”
ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਤੇ ਸਿੱਖਾਂ ਦੀ ਸ਼ਹੀਦੀ ਦੀ ਗਾਥਾ ‘ਸੈਂਡ ਸ਼ੌਅ’ ਰਾਹੀਂ ਬੜੇ ਹੀ ਸੁਚੱਜੇ ਢੰਗ ਨਾਲ ਪ੍ਰਸਤੂਤ ਕੀਤੀ ਗਈ।
ਇਸ ਇਤਿਹਾਸਕ ਮੌਕੇ ‘ਤੇ ਭਾਰਤ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਨਾਮ ਇੱਕ ਯਾਦਗਾਰੀ ਡਾਕ ਟਿਕਟ ਅਤੇ ਵਿਸ਼ੇਸ਼ ਸਿੱਕਾ ਜਾਰੀ ਕੀਤਾ ਗਿਆ। ਮੋਦੀ ਨੇ ਕਿਹਾ ਕਿ ਸਰਕਾਰ ਗੁਰੂ ਪਰੰਪਰਾ ਦੀ ਸੇਵਾ ਲਈ ਵਚਨਬੱਧ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਮੌਜੂਦ ਸਨ।
