ਪਟਿਆਲਾ, 26 ਨਵੰਬਰ: (ਜਗਜੀਤ ਸਿੰਘ) : ਪਟਿਆਲਾ ਦੇ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਅੱਜ ਭਾਰਤ ਦਾ ਸੰਵਿਧਾਨ ਦਿਵਸ ਬੜੇ ਆਦਰ ਸਤਿਕਾਰ ਨਾਲ ਮਨਾਇਆ ਗਿਆ। ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਅਵਤਾਰ ਸਿੰਘ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਵਿੱਚ ਸੰਵਿਧਾਨ ਵਿੱਚ ਦਰਜ ਮੁਢਲੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਸੰਵਿਧਾਨ ਦੀ ਪ੍ਰਸਤਾਵਨਾ ਦੇ ਪਾਠ ਨਾਲ ਹੋਈ। ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਅਵਤਾਰ ਸਿੰਘ ਨੇ ਸੰਵਿਧਾਨ ਨੂੰ ਦੇਸ਼ ਦੇ ਲੋਕਤੰਤਰੀ ਢਾਂਚੇ ਦੀ ਨੀਂਹ ਦੱਸਦਿਆਂ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਜੁਡੀਸ਼ੀਅਲ ਅਧਿਕਾਰੀਆਂ ਅਤੇ ਅਦਾਲਤੀ ਸਟਾਫ ਨੂੰ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ, ਨਿਸ਼ਠਾ ਅਤੇ ਸਮਰਪਣ ਨਾਲ ਨਿਭਾਉਣ ਦੀ ਅਪੀਲ ਕੀਤੀ।
ਜੱਜ ਅਵਤਾਰ ਸਿੰਘ ਨੇ ਖਾਸ ਤੌਰ ‘ਤੇ ਪੱਛੜੇ ਅਤੇ ਸੰਵੇਦਨਸ਼ੀਲ ਵਰਗਾਂ ਵਿੱਚ ਸੰਵਿਧਾਨਕ ਚੇਤਨਾ ਵਧਾਉਣ ਦੀ ਲੋੜ ਬਾਰੇ ਜ਼ੋਰ ਦਿੱਤਾ, ਤਾਂ ਜੋ ਹਰ ਨਾਗਰਿਕ ਦੀ ਨਿਆਂ ਤੱਕ ਪਹੁੰਚ ਹੋਰ ਮਜ਼ਬੂਤ ਬਣ ਸਕੇ।
ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ‘ਮਿਸ਼ਨ ਨਸ਼ਾ ਮੁਕਤ ਪੰਜਾਬ’, ਜੋ 6 ਦਸੰਬਰ 2025 ਤੋਂ ਇੱਕ ਮਹੀਨੇ ਲਈ ਚੱਲੇਗਾ, ਵਿੱਚ ਸਰਗਰਮ ਭਾਗੀਦਾਰੀ ਕਰਨ ਲਈ ਉਤਸ਼ਾਹਿਤ ਕੀਤਾ।
ਸਮਾਰੋਹ ਦੇ ਅੰਤ ਵਿੱਚ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਅਦਾਲਤ ਪ੍ਰੰਗਣ ਵਿੱਚ ਰੁੱਖ ਲਗਾ ਕੇ ਹਰੇ ਭਰੇ ਪਟਿਆਲਾ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ ਗਿਆ।
ਇਸ ਮੌਕੇ ਜੁਡੀਸ਼ੀਅਲ ਅਧਿਕਾਰੀ ਤੇ ਅਦਾਲਤੀ ਅਮਲਾ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਿਹਾ।
