Home ਪਟਿਆਲਾ ਅਪਡੇਟ ਸਿਵਲ ਅਤੇ ਓ ਐਂਡ ਐਮ ਕੰਮਾਂ ਦੇ ਨਿਪਟਾਰੇ ਨੂੰ ਤੇਜ਼ ਕਰਨ ਲਈ...

ਸਿਵਲ ਅਤੇ ਓ ਐਂਡ ਐਮ ਕੰਮਾਂ ਦੇ ਨਿਪਟਾਰੇ ਨੂੰ ਤੇਜ਼ ਕਰਨ ਲਈ ਮੇਅਰ ਕੁੰਦਨ ਗੋਗੀਆ ਦੀ ਐਸ.ਈ. ਅਤੇ ਜੇ.ਈ. ਨਾਲ ਮਹੱਤਵਪੂਰਨ ਮੀਟਿੰਗ

0
ਮੀਟਿੰਗ ਦੌਰਾਨ ਮੇਅਰ ਅਤੇ ਅਧਿਕਾਰੀ
60 ਵਾਰਡਾਂ ਲਈ ਰੋਜ਼ ਤਿੰਨ ਟੀਮਾਂ ਤਿੰਨ ਵਾਰਡਾਂ ਵਿੱਚ ਸਿਵਲ ਕੰਮਾਂ ਦਾ ਜਲਦ ਹੱਲ ਕਰਨਗੀਆਂ : ਮੇਅਰ ਗੋਗੀਆ

ਪਟਿਆਲਾ, 25 ਨਵੰਬਰ (ਜਗਦੇਵ ਰੰਚਨਾਂ) : ਪਟਿਆਲਾ ਸ਼ਹਿਰ ਵਿੱਚ ਸੜਕਾਂ ਦੀ ਰਿਪੇਅਰ, ਗਲੀਆਂ ਦੀ ਮੁਰੰਮਤ ਅਤੇ ਨਿਕਾਸੀ ਨਲੀਆਂ ਦੇ ਓ ਐਂਡ ਐਮ (ਓਪਰੇਸ਼ਨ ਐਂਡ ਮੈਨਟੇਨੈਂਸ) ਸਬੰਧੀ ਕੰਮਾਂ ਨੂੰ ਤੇਜ਼ੀ ਨਾਲ ਨਿਪਟਾਉਣ ਲਈ ਮੇਅਰ ਕੁੰਦਨ ਗੋਗੀਆ ਨੇ ਅੱਜ ਐਸ.ਈ. ਅਤੇ ਜੇ.ਈ. ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ। ਮੀਟਿੰਗ ਵਿੱਚ ਸ਼ਹਿਰ ਦੇ 60 ਵਾਰਡਾਂ ਵਿਚ ਲੰਬੇ ਸਮੇਂ ਤੋਂ ਲਟਕ ਰਹੇ ਸਿਵਲ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਉਨ੍ਹਾਂ ਦੇ ਤੁਰੰਤ ਹੱਲ ਲਈ ਨਵੀਂ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਲਿਆ ਗਿਆ।

ਮੇਅਰ ਗੋਗੀਆ ਨੇ ਦੱਸਿਆ ਕਿ ਨਗਰ ਨਿਗਮ ਨੇ ਤਿੰਨ ਖ਼ਾਸ ਟੀਮਾਂ ਤਿਆਰ ਕੀਤੀਆਂ ਹਨ, ਜੋ ਰੋਜ਼ ਤਿੰਨ ਵੱਖ–ਵੱਖ ਵਾਰਡਾਂ ਵਿੱਚ ਜਾ ਕੇ ਸਿਵਲ ਅਤੇ ਓ ਐਂਡ ਐਮ ਸਬੰਧੀ ਸਮੱਸਿਆਵਾਂ ਦਾ ਨਿਪਟਾਰਾ ਕਰਨਗੀਆਂ। ਇਸ ਤਰ੍ਹਾਂ 60 ਵਾਰਡਾਂ ਵਿੱਚ ਸਾਰੇ ਮੁੱਦਿਆਂ ਨੂੰ ਸ਼ਡਿਊਲ ਮੁਤਾਬਕ ਕੁਝ ਹਫ਼ਤਿਆਂ ਵਿੱਚ ਪੂਰੀ ਤਰ੍ਹਾਂ ਨਿਪਟਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਗਲੀਆਂ ਵਿੱਚ ਟੁੱਟੇ ਹਿੱਸੇ, ਸੜਕਾਂ ਦੀ ਖਰਾਬ ਹਾਲਤ, ਨਲੀਆਂ ਦੇ ਜਾਮ ਹੋਣ ਜਾਂ ਢੱਕਣ ਦੇ ਟੁੱਟੇ ਹੋਣ ਬਾਰੇ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ। ਇਸ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਨੇ ਨਵੀਂ ਮਾਨੀਟਰਿੰਗ ਸਿਸਟਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਹਰ ਦਿਨ ਹੋਏ ਕੰਮ ਦੀ ਰਿਪੋਰਟ ਤਿਆਰ ਹੋਵੇਗੀ ਤੇ ਮੇਅਰ ਦਫ਼ਤਰ ਨੂੰ ਭੇਜੀ ਜਾਵੇਗੀ।

ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸਿਵਲ ਅਤੇ ਓ&ਐਮ ਕੰਮਾਂ ਵਿੱਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਟੀਮਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਹਰ ਕੰਮ ਮਿਆਰ ਅਨੁਸਾਰ ਅਤੇ ਸਮੇਂ ਸਿਰ ਪੂਰਾ ਕੀਤਾ ਜਾਵੇ।

ਐਸ.ਈ. ਅਤੇ ਜੇ.ਈ. ਨੇ ਵੀ ਭਰੋਸਾ ਦਿਵਾਇਆ ਕਿ ਨਵੀਂ ਪ੍ਰਣਾਲੀ ਨਾਲ ਨਗਰ ਨਿਗਮ ਪਟਿਆਲਾ ਦੀ ਕਾਰਗੁਜ਼ਾਰੀ ਹੋਰ ਸੁਧਰੇਗੀ ਅਤੇ ਵਾਰਡ ਵਾਸੀਆਂ ਨੂੰ ਰਾਹਤ ਮਿਲੇਗੀ।

Exit mobile version