ਚੰਡੀਗੜ੍ਹ : 23 ਨਵੰਬਰ 2025 (ਸ਼.ਅ.ਬਿਓਰੋ): ਪੰਜਾਬ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ‘ਆਪ’, ਕਾਂਗਰਸ ਅਤੇ ਅਕਾਲੀ ਦਲ ਉੱਤੇ ਭਾਜਪਾ ਵਿਰੁੱਧ ਗਲਤ ਅਤੇ ਗੁੰਮਰਾਹਕੁੰਨ ਪ੍ਰਚਾਰ ਛੇੜਨ ਦਾ ਵੱਡਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੋ ਪਾਰਟੀਆਂ ਸਿਆਸੀ ਲਾਭ ਲਈ ਇਕੱਠੇ ਹੋ ਕੇ ਬੇਬੁਨਿਆਦ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸ਼ਰਮਾ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਸਪਸ਼ਟੀਕਰਣ ਮੁਤਾਬਕ ਚੰਡੀਗੜ੍ਹ ਸਬੰਧੀ ਕੋਈ ਬਿੱਲ ਲੋਕ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਨਹੀਂ ਆ ਰਿਹਾ। ਇਸ ਨਾਲ ਸਾਬਤ ਹੋ ਗਿਆ ਹੈ ਕਿ ਵਿਰੋਧੀ ਧਿਰ ਅਤੇ ‘ਆਪ’ ਵਲੋਂ ਪੈਦਾ ਕੀਤਾ ਗਿਆ ਖੌਫ ਸਿਰਫ਼ ਸਿਆਸੀ ਨਾਟਕ ਸੀ।
ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾਂ ਤੋਂ ਪੰਜਾਬ ਦੇ ਹੱਕਾਂ ਲਈ ਖੜ੍ਹੀ ਰਹੀ ਹੈ, ਚਾਹੇ ਮੁੱਦਾ ਪਾਣੀ ਦਾ ਹੋਵੇ, ਚੰਡੀਗੜ੍ਹ ਦਾ ਜਾਂ ਰਾਜ ਦੇ ਹਿੱਤਾਂ ਨਾਲ ਜੁੜਿਆ ਕੋਈ ਹੋਰ ਮਾਮਲਾ। ਸ਼ਰਮਾ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਪੰਜਾਬ ਦੀ ਚਿੰਤਾ ਘੱਟ, ਸਿਆਸੀ ਫ਼ਾਇਦਾ ਜ਼ਿਆਦਾ ਹੈ, ਇਸ ਲਈ ਭਾਜਪਾ ਵਿਰੁੱਧ ਝੂਠਾ ਨੈਰੇਟਿਵ ਤਿਆਰ ਕੀਤਾ ਜਾ ਰਿਹਾ ਹੈ।
‘ਆਪ’ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਸ਼ਰਮਾ ਨੇ ਕਿਹਾ ਕਿ ਰਾਜ ਸਰਕਾਰ ਚੋਣ ਵਾਅਦੇ ਪੂਰੇ ਕਰਨ, ਗੈਂਗਸਟਰਵਾਦ, ਗੈਰਕਾਨੂੰਨੀ ਮਾਈਨਿੰਗ ਅਤੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਵਿੱਚ ਨਾਕਾਮ ਰਹੀ ਹੈ। ਇਸ ਨਾਕਾਮੀ ਤੋਂ ਧਿਆਨ ਭਟਕਾਉਣ ਲਈ ਹੁਣ ਭਾਜਪਾ ’ਤੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ।
ਕਾਂਗਰਸ ਅਤੇ ਅਕਾਲੀ ਦਲ ’ਤੇ ਵੀ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਣੀ, ਚੰਡੀਗੜ੍ਹ ਅਤੇ ਰਾਜ-ਕੇਂਦਰ ਸੰਬੰਧ ਵਰਗੇ ਮੁੱਦੇ ਇਨ੍ਹਾਂ ਪੁਰਾਣੀਆਂ ਪਾਰਟੀਆਂ ਦੀਆਂ ਦਹਾਕਿਆਂ ਦੀਆਂ ਗਲਤੀਆਂ ਦੀ ਪੈਦਾਵਾਰ ਹਨ। ਹੁਣ ਇਹ ਪਾਰਟੀਆਂ ਆਪਣੀਆਂ ਨਾਕਾਮੀਆਂ ਨੂੰ ਓਹਲੇ ਰੱਖਣ ਲਈ ਭਾਜਪਾ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸ਼ਰਮਾ ਨੇ ਕਿਹਾ ਕਿ ਕਾਂਗਰਸ ਨੂੰ ਅੱਜ ਡਰ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਉਸ ਦੀ ਖਿਸਕ ਰਹੀ ਜ਼ਮੀਨ ਭਾਜਪਾ ਪੱਕੀ ਕਰ ਰਹੀ ਹੈ। ਇਸ ਕਰਕੇ ਉਹ ਵੀ ਗਠਜੋੜੀ ਦਬਾਅ ਨਾਲ ਭਾਜਪਾ ਵਿਰੁੱਧ ਝੂਠੀ ਪ੍ਰਚਾਰਬਾਜ਼ੀ ਦਾ ਹਿੱਸਾ ਬਣ ਰਹੀ ਹੈ।
ਅੰਤ ਵਿੱਚ ਸ਼ਰਮਾ ਨੇ ਯਕੀਨ ਦਵਾਇਆ ਕਿ ਭਾਜਪਾ ਪਾਰਟੀ ਸਿਆਸਤ ਲਈ ਨਹੀਂ, ਸਗੋਂ ਪੰਜਾਬ ਦੇ ਹਿੱਤ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਹੈ, ਅਤੇ ਕੇਂਦਰ ਨਾਲ ਗੱਲਬਾਤ ਕਰਕੇ ਹਮੇਸ਼ਾਂ ਪੰਜਾਬ-ਪੱਖੀ ਹੱਲ ਹੀ ਲਿਆਵੇਗੀ।







