ਨਵੀਂ ਦਿੱਲੀ, 24 ਨਵੰਬਰ (ਰਾਜੇਸ਼ ਕੁਮਾਰ) : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਪੂਰਵ ਸੰਧਿਆ ‘ਤੇ ਉਨ੍ਹਾਂ ਦੇ ਉੱਚ ਆਦਰਸ਼ਾਂ, ਕੁਰਬਾਨੀ ਅਤੇ ਨਿਰਸਵਾਰਥ ਸੇਵਾ ਨੂੰ ਯਾਦ ਕਰਦੇ ਹੋਏ ਨਿਮਰ ਸ਼ਰਧਾਂਜਲੀ ਭੇਟ ਕੀਤੀ।
ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਧਾਰਮਿਕ ਅਜ਼ਾਦੀ, ਮਨੁੱਖਤਾ ਅਤੇ ਸੱਚ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਆਪਣੀ ਸ਼ਹਾਦਤ ਦੇ ਕੇ ਨਿਰਾਲੀ ਮਿਸਾਲ ਪੇਸ਼ ਕੀਤੀ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਬਹਾਦਰੀ, ਕੁਰਬਾਨੀ ਅਤੇ ਦਿਲੋਂ ਕੀਤੀ ਸੇਵਾ ਅੱਜ ਵੀ ਦੇਸ਼ ਤੇ ਸਮਾਜ ਲਈ ਪ੍ਰੇਰਨਾ ਦਾ ਵੱਡਾ ਸਰੋਤ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਨਿਆਂ, ਹਿੰਮਤ ਅਤੇ ਦ੍ਰਿੜਤਾ ਨਾਲ ਜੀਵਨ ਦੇ ਸਹੀ ਮਾਰਗ ‘ਤੇ ਤੁਰਨ ਲਈ ਪ੍ਰੇਰਿਤ ਕਰਦੀਆਂ ਹਨ।
ਰਾਸ਼ਟਰਪਤੀ ਨੇ ਅਪੀਲ ਕੀਤੀ ਕਿ ਹਰ ਨਾਗਰਿਕ ਨੂੰ ਗੁਰੂ ਸਾਹਿਬ ਦੇ ਮੂਲ ਸਿਧਾਂਤਾਂ–ਸਹਿਣਸ਼ੀਲਤਾ, ਏਕਤਾ ਅਤੇ ਸਦਭਾਵਨਾ–ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਨਾਉਣਾ ਚਾਹੀਦਾ ਹੈ, ਤਾਂ ਜੋ ਦੇਸ਼ ਵਿੱਚ ਆਪਸੀ ਭਰੋਸੇ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ, “ਮੈਂ ਗੁਰੂ ਤੇਗ਼ ਬਹਾਦਰ ਜੀ ਨੂੰ ਉਨ੍ਹਾਂ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ‘ਤੇ ਨਿਮਰ ਸ਼ਰਧਾਂਜਲੀ ਭੇਟ ਕਰਦੀ ਹਾਂ।”







