ਸ੍ਰੀ ਅਨੰਦਪੁਰ ਸਾਹਿਬ, 23 ਨਵੰਬਰ (ਜਗਜੀਤ ਸਿੰਘ): ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਮੌਕੇ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਚ ਆਯੋਜਿਤ ‘ਸਰਬ ਧਰਮ ਸੰਮੇਲਨ’ ਦੌਰਾਨ ਵੱਖ-ਵੱਖ ਧਰਮਾਂ ਦੇ ਪ੍ਰਮੁੱਖ ਆਗੂ ਇਕੱਠੇ ਹੋਏ ਅਤੇ ਗੁਰੂ ਸਾਹਿਬ ਨੂੰ ਸਰਧਾ ਭੇਟ ਕੀਤੀ। ਇਸ ਸੰਮੇਲਨ ਵਿਚ ਧਾਰਮਿਕ ਸ਼ਖਸੀਅਤਾਂ ਨੇ ਗੁਰੂ ਜੀ ਦੇ ਪਿਆਰ, ਸ਼ਾਂਤੀ ਅਤੇ ਮਨੁੱਖਤਾ ਦੇ ਸਦੀਵੀ ਸੰਦਸ਼ ਨੂੰ ਦੁਨੀਆ ਲਈ ਪ੍ਰੇਰਣਾ ਦੱਸਿਆ।

ਆਗੂਆਂ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਹੱਕ, ਸੱਚ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਸਭ ਤੋਂ ਵੱਡੀ ਕੁਰਬਾਨੀ ਦਿੱਤੀ। ਉਨ੍ਹਾਂ ਜ਼ੋਰ ਦਿੱਤਾ ਕਿ ਦੁਨੀਆ ਦੇ ਇਤਿਹਾਸ ਵਿੱਚ ਇਹ ਵਿਰਲਾ ਉਦਾਹਰਨ ਹੈ ਕਿ ਕਿਸੇ ਮਹਾਨ ਧਾਰਮਿਕ ਸ਼ਖ਼ਸ ਨੇ ਦੂਜੇਆਂ ਦੇ ਧਰਮ ਅਤੇ ਵਿਸ਼ਵਾਸ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਨਿਓਛਾਵਰ ਕਰ ਦਿੱਤੀ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਰੂ ਸਾਹਿਬ ਦਾ ਮਹਾਨ ਬਲੀਦਾਨ ਸਿਰਫ ਸਿੱਖ ਇਤਿਹਾਸ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਦੀ ਵਿਰਾਸਤ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਦੇ ਧਾਰਮਿਕ ਆਗੂਆਂ ਦਾ ਏਕਤ੍ਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸਿੱਖਿਆ ਕਿੰਨੀ ਜੀਵੰਤ ਅਤੇ ਪ੍ਰਸੰਗਿਕ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਦੇ ਚਰਨਾਂ ਦੇ ਚਿੰਨ੍ਹ ਪ੍ਰਾਪਤ 142 ਪਿੰਡਾਂ ਨੂੰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਵਿਕਾਸ ਯੋਜਨਾਵਾਂ ਰਾਹੀਂ ਨਵੀਂ ਸ਼ਕਲ ਦਿੱਤੀ ਜਾ ਰਹੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਦਭਾਵਨਾ, ਭਾਈਚਾਰੇ ਅਤੇ ਸਾਰਿਆਂ ਦੇ ਧਰਮਾਂ ਪ੍ਰਤੀ ਸਤਿਕਾਰ ਦੇ ਮੂਲ ਸਿਧਾਂਤਾਂ ‘ਤੇ ਅੱਡਿਗ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਸਦਾ ਤੋਂ ਜ਼ੁਲਮ ਅਤੇ ਬੇਇਨਸਾਫੀ ਦੇ ਵਿਰੁੱਧ ਖੜ੍ਹਨ ਦੀ ਹਿੰਮਤ ਅਤੇ ਤਾਕਤ ਗੁਰੂ ਸਾਹਿਬਾਨ ਦੀ ਵਿਰਾਸਤ ਤੋਂ ਮਿਲੀ ਹੈ।
ਮਾਨ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਜਾ ਕੇ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਸੁਤੰਤਰਤਾ ਦੀ ਰਾਖੀ ਲਈ ਸ਼ਹੀਦੀ ਦਿੱਤੀ, ਜੋ ਵਿਸ਼ਵ ਇਤਿਹਾਸ ਵਿੱਚ ਬੇਮਿਸਾਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੇ ਸਮਾਗਮ ਅੱਗੇ ਵੀ ਜਾਰੀ ਰਹਿਣਗੇ, ਤਾਂ ਜੋ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਅਤੇ ਸਿੱਖਿਆ ਨਾਲ ਜੋੜਿਆ ਜਾ ਸਕੇ।
ਸਬਰ ਧਰਮ ਸੈਮੇਲਨ ‘ਚ ਆਰਟ ਆਫ ਲਿਵਿੰਗ ਦੇ ਮੁਖੀ ਸ੍ਰੀ ਸ੍ਰੀ ਰਵੀਸ਼ੰਕਰ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ, ਡੇਰਾ ਬਿਆਸ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਕਾਰ ਸੇਵਾ ਨਿਸ਼ਕਾਮ ਸੇਵਕ ਜਥਾ ਯੂ.. ਬਾਬਾ ਮਹਿੰਦਰ ਸਿੰਘ, ਕਾਰ ਸੇਵਾ ਵਾਲੇ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਵਾਲੇ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਦੇਵਦੱਤ ਸਵਰਸਵਤੀ, ਅਚਾਰੀਆ ਲੋਕੇਸ਼ ਮੁਨੀ ਜੈਨ ਮੁਨੀ, ਸਈਅਦ ਅਫਸਰ ਅਲੀ ਨਿਜ਼ਾਮੀ, ਸ੍ਰੀਮਤੀ ਜਗਦਗੁਰੂ ਸੰਕਰਾਚਾਰੀਆ, ਦੇਵਦਤਾਨੰਦ ਸਰਸਵਤੀ, ਮਹੰਤ ਗਿਆਨਦੇਵ ਸਿੰਘ ਨਿਰਮਲ ਅਖਾੜਾ, ਸਤਿਗੁਰੂ ਉਦੇ ਸਿੰਘ ਨਾਮਧਾਰੀ ਸੰਪਰਦਾ, ਬਾਬਾ ਬਾਲ ਜੀ ਊਨਾ ਵਾਲੇ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਹੋਰ ਧਾਰਮਿਕ ਸ਼ਖਸੀਅਤਾਂ ਨੇ ਸ਼ਰਧਾਂਜਲੀ ਭੇਟ ਕੀਤੀ।