ਨਵੀਂ ਦਿੱਲੀ: 23 ਨਵੰਬਰ 2025 (ਰਾਜੇਸ਼ ਕੁਮਾਰ) : ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਅਤੇ ਦਿੱਲੀ ਪੁਲਿਸ ਦੀ ਸਾਂਝੀ ਟੀਮ ਨੇ ਰਾਜਧਾਨੀ ਵਿੱਚ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਕਾਰਟੈਲ ਨੂੰ ਬੇਨਕਾਬ ਕਰਦਿਆਂ ਮੈਥਾਮਫੇਟਾਮਾਈਨ ਦੀ ਸਭ ਤੋਂ ਵੱਡੀਆਂ ਬਰਾਮਦਗੀਆਂ ‘ਚੋਂ ਇੱਕ ਨੂੰ ਅੰਜਾਮ ਦਿੱਤਾ ਹੈ। ਕਾਰਵਾਈ ਦੌਰਾਨ ਛੱਤਰਪੁਰ ਤੋਂ ਲਗਭਗ 328 ਕਿਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ ਕੀਤੀ ਗਈ, ਜਿਸ ਦੀ ਬਾਜ਼ਾਰੀ ਕੀਮਤ 262 ਕਰੋੜ ਰੁਪਏ ਅੰਕਿਤ ਕੀਤੀ ਗਈ ਹੈ।
ਕਾਰਵਾਈ ਵਿੱਚ ਨਾਗਾਲੈਂਡ ਦੀ ਇੱਕ ਔਰਤ ਸਮੇਤ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਗਿਰੋਹ ਨਾਲ ਜੁੜੇ ਹੋਰ ਮੈਂਬਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਵਿਦੇਸ਼ ਤੋਂ ਕਾਰਵਾਈ ਸੰਭਾਲਦਾ ਸੀ। ਪਿਛਲੇ ਸਾਲ ਵੀ ਐਨਸੀਬੀ ਨੇ ਦਿੱਲੀ ਵਿੱਚ 82.5 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਸੀ।
ਮੈਥਾਮਫੇਟਾਮਾਈਨ ਖਤਰਨਾਕ ਨਸ਼ੇ ਵਾਲਾ ਪਦਾਰਥ ਹੈ, ਜਿਸਦੀ ਵਰਤੋਂ ਸਭ ਤੋਂ ਵੱਧ ਨੌਜਵਾਨ ਵਰਗ ਵਿੱਚ ਪਾਈ ਜਾਂਦੀ ਹੈ। ਨਸ਼ੇ ਦੇ ਇਸ ਗੈਰ-ਕਾਨੂੰਨੀ ਵਪਾਰ ਨੂੰ ਰੋਕਣ ਲਈ ਐਨਸੀਬੀ ਅਤੇ ਪੁਲਿਸ ਦੀਆਂ ਟੀਮਾਂ ਨਿਰੰਤਰ ਛਾਪੇਮਾਰੀ ਕਰ ਰਹੀਆਂ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਵੱਡੀ ਕਾਰਵਾਈ ਲਈ ਐਨਸੀਬੀ ਅਤੇ ਦਿੱਲੀ ਪੁਲਿਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰ ਤੇਜ਼ੀ ਨਾਲ ਡਰੱਗ ਕਾਰਟੈਲਾਂ ਦਾ ਖਾਤਮਾ ਕਰਨ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ 328 ਕਿਲੋਗ੍ਰਾਮ ਦੀ ਇਹ ਜ਼ਬਤੀ ਨਸ਼ਾ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਇੱਕ ਵੱਡੀ ਪ੍ਰਗਤੀ ਹੈ।
ਜਾਂਚ ਏਜੰਸੀਆਂ ਨਸ਼ੇ ਦੇ ਵੱਡੇ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਬਿਠੌਂਦ ਤਲਾਸ਼ੀ ਜਾਰੀ ਰੱਖ ਰਹੀਆਂ ਹਨ ਅਤੇ ਅਧਿਕਾਰੀਆਂ ਦੇ ਅਨੁਸਾਰ ਇਸ ਗਿਰੋਹ ਵਿੱਚ ਕਈ ਵੱਖ-ਵੱਖ ਦੇਸ਼ਾਂ ਦੇ ਵਿਅਕਤੀ ਸ਼ਾਮਲ ਹੋ ਸਕਦੇ ਹਨ।
