Home ਪੰਜਾਬ ਅਨੰਦਪੁਰ ਸਾਹਿਬ ਵਿੱਚ ਸ਼ੁਰੂ ਹੋਏ 350ਵੇਂ ਸ਼ਹੀਦੀ ਪੁਰਬ ਦੇ ਸਮਾਗਮ, ਪੰਜਾਬ ਸਰਕਾਰ...

ਅਨੰਦਪੁਰ ਸਾਹਿਬ ਵਿੱਚ ਸ਼ੁਰੂ ਹੋਏ 350ਵੇਂ ਸ਼ਹੀਦੀ ਪੁਰਬ ਦੇ ਸਮਾਗਮ, ਪੰਜਾਬ ਸਰਕਾਰ ਦੇ ਪੁਖਤਾ ਪ੍ਰਬੰਧ

0
ਰਾਜਪਾਲ, ਮੁੱਖ ਮੰਤਰੀ ਮਾਨ ਅਤੇ ਕਈ ਸੰਤਾਂ ਮਹਾਂਪੁਰਖਾਂ, ਮਹਾਨ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ

ਸ੍ਰੀ ਅਨੰਦਪੁਰ ਸਾਹਿਬ (ਜਗਜੀਤ ਸਿੰਘ): ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਅਨੰਦਪੁਰ ਸਾਹਿਬ ਵਿੱਚ ਧੂਮਧਾਮ ਨਾਲ ਸ਼ੁਰੂ ਹੋ ਗਏ ਹਨ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੀ ਰਵਾਇਤੀ ਸ਼ੁਰੂਆਤ ਨਾਲ ਰੂਹਾਨੀ ਮਾਹੌਲ ਹੋਰ ਵੀ ਚੜ੍ਹਦਾ ਨਜ਼ਰ ਆਇਆ। ਇਸ ਪਵਿੱਤਰ ਮੌਕੇ ‘ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੂਰਾ ਕੈਬਨਿਟ ਸਿਰ ਨਿਵਾ ਕੇ ਹਾਜ਼ਿਰ ਹੋਏ।

ਦੁਪਹਿਰ 12 ਵਜੇ ਸਰਬ-ਧਰਮ ਸੰਮੇਲਨ ਹੋਣਾ ਨਿਰਧਾਰਤ ਹੈ, ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀ ਸ਼ਾਂਤੀ, ਸਹਿਭਾਗਤਾ ਅਤੇ ਭਾਈਚਾਰੇ ਦਾ ਸੰਦੇਸ਼ ਪੇਸ਼ ਕਰਨਗੇ। ਦਿਨ ਭਰ ਸੰਗਤ ਵੱਡੀ ਗਿਣਤੀ ਵਿੱਚ ਗੁਰੂ ਘਰ ਵਿੱਚ ਨਤਮਸਤਕ ਹੋ ਰਹੀ ਹੈ ਅਤੇ ਸਾਰੇ ਪ੍ਰਬੰਧ ਬੜੀ ਸੁਚੱਜੀ ਢੰਗ ਨਾਲ ਚੱਲ ਰਹੇ ਹਨ।

ਸਰਕਾਰ ਵੱਲੋਂ ਸਮਾਗਮ ਨੂੰ ਸੁਚਾਰੂ ਬਣਾਉਣ ਲਈ ਬਹੁ-ਪੱਧਰੀ ਤਿਆਰੀਆਂ ਕੀਤੀਆਂ ਗਈਆਂ ਹਨ। ਟ੍ਰੈਫ਼ਿਕ ਮੈਨੇਜਮੈਂਟ, ਸੁਰੱਖਿਆ, ਲੰਗਰ ਪ੍ਰਬੰਧ, ਹੈਲਥ ਕਿਟਾਂ ਅਤੇ ਜਾਣਕਾਰੀ ਕੇਂਦਰਾਂ ਦੇ ਨਾਲ ਹਜ਼ਾਰਾਂ ਸ਼ਰਧਾਲੂਆਂ ਲਈ ਵਿਸ਼ੇਸ਼ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪੂਰੀ ਮੰਤਰੀ ਮੰਡਲੀ ਖੁਦ ਮੌਕੇ ਦੀ ਨਿਗਰਾਨੀ ਕਰ ਰਹੀ ਹੈ।

ਇਤਿਹਾਸ ਵਿੱਚ ਪਹਿਲੀ ਵਾਰ 24 ਨਵੰਬਰ ਨੂੰ ਅਨੰਦਪੁਰ ਸਾਹਿਬ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਗਿਆ ਹੈ। ਸੀ.ਐੱਮ. ਮਾਨ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਇਸ ਸੈਸ਼ਨ ਵਿੱਚ ਮਹੱਤਵਪੂਰਨ ਅਤੇ ਲੋਕ-ਹਿਤੈਸ਼ੀ ਫ਼ੈਸਲੇ ਲਏ ਜਾ ਸਕਦੇ ਹਨ। ਸੁਰੱਖਿਆ ਏਜੰਸੀਆਂ ਨੇ ਪੂਰੇ ਖੇਤਰ ਨੂੰ ਸੁਰੱਖਿਆ ਚੱਕਰ ਵਿੱਚ ਲਿਆਂਦਾ ਹੈ ਅਤੇ ਸਾਰੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹਨ।

Exit mobile version