ਪੰਜਾਬ: (ਜਗਦੇਵ ਰੰਚਨਾਂ) : ਪੰਜਾਬੀ ਸੰਗੀਤ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਸ਼ਹੂਰ ਗਾਇਕ ਹਰਮਨ ਸਿੱਧੂ ਦਾ ਸੜਕ ਹਾਦਸੇ ਵਿੱਚ ਦੇਹਾਂਤ ਹੋ ਗਿਆ। ਹਰਮਨ ਸਿੱਧੂ ਦੀ ਉਮਰ ਕੇਵਲ 40 ਸਾਲ ਸੀ। ਮਿਲੀ ਜਾਣਕਾਰੀ ਅਨੁਸਾਰ, ਉਹ ਬੀਤੀ ਰਾਤ ਕਿਸੇ ਕੰਮ ਸਬੰਧੀ ਮਾਨਸਾ ਆਏ ਸਨ ਅਤੇ ਕੰਮ ਮਗਰੋਂ ਆਪਣੇ ਪਿੰਡ ਖਿਆਲਾ ਵਾਪਸ ਜਾ ਰਹੇ ਸਨ, ਜਦੋਂ ਰਾਹ ਵਿਚ ਉਹਨਾਂ ਦੀ ਕਾਰ ਟਰੱਕ ਨਾਲ ਟਕਰਾ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਹਰਮਨ ਸਿੱਧੂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਹਰਮਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਿਸ ਪੂਜਾ ਨਾਲ ਪ੍ਰਸਿੱਧ ਗਾਣੇ ‘ਪੇਪਰ ਜਾਂ ਪਿਆਰ’ ਰਾਹੀਂ ਕੀਤੀ, ਜਿਸ ਨੇ ਉਹਨਾਂ ਨੂੰ ਇੰਡਸਟਰੀ ਵਿੱਚ ਵਿਲੱਖਣ ਪਛਾਣ ਦਿਵਾਈ। ਉਨ੍ਹਾਂ ਦੀ ਆਵਾਜ਼ ਅਤੇ ਅੰਦਾਜ਼ ਨੇ ਬੇਹਿਸਾਬ ਪ੍ਰਸ਼ੰਸਕਾਂ ਦੇ ਦਿਲ ਜਿੱਤੇ।
ਹਰਮਨ ਸਿੱਧੂ ਨੇ ‘ਕੋਈ ਚੱਕਰ ਨਹੀਂ’, ‘ਬੇਬੇ ਬਾਪੂ’, ‘ਬੱਬਰ ਸ਼ੇਰ’, ‘Multan VS Russia’ ਵਰਗੇ ਕਈ ਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਅਤੇ ਕਈ ਗੀਤ ਲਿਖੇ ਵੀ, ਜਿੰਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਪ੍ਰੇਮ ਮਿਲਿਆ।
ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਸੰਗੀਤ ਇੰਡਸਟਰੀ ’ਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ’ਚ ਉਹ ਆਪਣੀ ਪਤਨੀ ਅਤੇ ਇੱਕ ਨਿੱਕੀ ਧੀ ਨੂੰ ਛੱਡ ਗਏ ਹਨ। ਗਾਇਕ ਦੇ ਪਿਤਾ ਦਾ ਵੀ ਡੇਢ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ।
ਹਰਮਨ ਸਿੱਧੂ ਦੀ ਅਚਾਨਕ ਵਿਛੋੜੇ ਨੇ ਸੰਗੀਤ ਪ੍ਰੇਮੀਆਂ ਅਤੇ ਕਲਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।








