ਪਟਿਆਲਾ: (ਜਗਜੀਤ ਸਿੰਘ) : ਪੰਜਾਬੀ ਯੂਨੀਵਰਸਿਟੀ ਵਿਚ ਚੱਲ ਰਹੇ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਦੂਜੇ ਦਿਨ ਕੈਂਪਸ ਵਿੱਚ ਭਰਪੂਰ ਰੌਣਕਾਂ ਲੱਗੀਆਂ ਰਹੀਆਂ। ਅੱਜ ਕੁੜੀਆਂ ਦੇ ਲੋਕ ਨਾਚ ਲੁੱਡੀ ਅਤੇ ਮੁੰਡਿਆਂ ਦੇ ਲੋਕ ਨਾਚ ਝੂੰਮਰ ਦੇ ਮੁਕਾਬਲੇ ਕਰਵਾਏ ਗਏ ਜੋ ਸਾਰਿਆਂ ਦੇ ਖਿੱਚ ਦੇ ਕੇਂਦਰ ਬਣੇ।


ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸੁਗਮ ਸੰਗੀਤ (ਗੀਤ / ਗ਼ਜ਼ਲ), ਸਮੂਹ ਗਾਇਨ (ਭਾਰਤੀ) ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜ਼ੋਹਰ ਵਿਖਾਏ। ਸੰਨੀ ਓਬਰਾਏ ਆਰਟਸ ਆਡੀਟੋਰੀਅਮ ਵਿਚ ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰਕ ਲਘੂ ਫਿਲਮ ਅਤੇ ਪੰਜਾਬੀ ਮੁਹਾਵਰੇਦਾਰ ਵਾਰਤਾਲਾਪ ਦੇ ਮੁਕਾਬਲੇ ਵੀ ਕਰਵਾਏ ਗਏ। ਓਪਨ ਏਅਰ ਥੀਏਟਰ ਵਿਚ ਭੰਡ ਅਤੇ ਨੁੱਕੜ ਨਾਟਕ ਮੁਕਾਬਲਿਆਂ ਨੇ ਵੀ ਖੂਬ ਰੰਗ ਬੰਨਿ੍ਹਆ। ਪੰਜਾਬੀ ਭਵਨ ਵਿਖੇ ਹੋਏ ਪੰਜਾਬੀ ਦੀਆਂ ਵਿਰਾਸਤੀ ਕਲਾਵਾਂ ਦੇ ਮੁਕਾਬਲਿਆਂ ਵਿਚ ਆਪਣੀ ਵਿਰਾਸਤ ਨੂੰ ਸੰਭਾਲਣ ਦੇ ਮੱਦੇਨਜ਼ਰ ਵਿਦਿਆਰਥੀਆਂ ਨੇ ਭਰਵਾਂ ਯੋਗਦਾਨ ਪਾਇਆ। ਜਿਸ ਵਿੱਚ ਕਲੇਅ ਮਾਡਲਿੰਗ, ਰੰਗੋਲੀ, ਚਿੱਤਰਕਾਰੀ, ਫੋਟੋਗ੍ਰਾਫੀ, ਮਹਿੰਦੀ, ਪੋਸਟਰ ਮੇਕਿੰਗ, ਕਾਰਟੂਨਿੰਗ, ਕੋਲਾਜ ਬਣਾਉਣਾ ਅਤੇ ਇੰਸਟਾਲੇਸ਼ਨ ਵਿੱਚ ਵੀ ਵਿਦਿਆਰਥੀਆਂ ਦਾ ਹੁਨਰ ਨਿੱਖਰ ਕੇ ਸਾਹਮਣੇ ਆਇਆ।


ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਸਾਰੇ ਮੁਕਾਬਲਿਆਂ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੇ ਹੁਨਰ ਦਾ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਯੁਵਕ ਮੁਕਾਬਲਿਆਂ ਵਿੱਚੋਂ ਹੀ ਸਾਨੂੰ ਵੱਡੇ ਕਲਾਕਾਰ ਮਿਲਣਗੇ ਜੋ ਪੰਜਾਬੀ ਯੂਨੀਵਰਸਿਟੀ ਅਤੇ ਪਟਿਆਲੇ ਦਾ ਨਾਂ ਰੌਸ਼ਨ ਕਰਨਗੇ।

ਅੱਜ ਵਿੱਤ ਅਫਸਰ ਡਾ. ਪ੍ਰਮੋਦ ਅਗਰਵਾਲ ਅਤੇ ਡੀਨ ਡਾਇਰੈਕਟਰ ਆਫ ਇੰਟਰਨੈਸ਼ਨ ਅਫੇਅਰਜ਼ ਡਾ. ਦਮਨਜੀਤ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡੀਨ ਖੋਜ ਡਾ. ਰਿੱਤੂ ਲਹਿਲ, ਸੈਂਟਰ ਫਾਰ ਡਾਇਪਸੋਰਾ ਦੇ ਡਾਇਰੈਕਟਰ ਡਾ. ਰਾਜਿੰਦਰ ਸਿੰਘ ਗਿੱਲ, ਅਡੀਸ਼ਨਲ ਪ੍ਰੋਵੋਸਟ ਡਾ. ਜਗਪ੍ਰੀਤ ਕੌਰ, ਆਰਟਸ ਐਂਡ ਕਲਚਰ ਫੈਕਲਟੀ ਦੇ ਡੀਨ ਡਾ. ਜਸਪਾਲ ਕੌਰ ਦਿਉਲ, ਕੋਆਰਡੀਨੇਟਰ ਐੱਨ.ਐੱਸ ਡਾ. ਅਨਹਦ ਸਿੰਘ ਗਿੱਲ, ਡੀ.ਪੀ. ਐੱਮ ਡਾ. ਸੁਖਜੀਤ ਕੌਰ, ਡਾਇਰੈਕਟਰ ਆਈ.ਏ.ਐੱਸ ਸੈਂਟਰ ਡਾ. ਅਜੀਤਾ ਆਦਿ ਮਹਿਮਾਨ ਨੇ ਵੀ ਪਹੁੰਚ ਕੇ ਲੋਕ ਮੇਲੇ ਦਾ ਆਨੰਦ ਮਾਣਿਆ।








