ਪੰਚਕੂਲਾ, 22 ਨਵੰਬਰ, 2025 (ਜਗਦੇਵ ਰੰਚਨਾਂ) : ਹਰਿਆਣਾ ਵਿੱਚ ਕਾਗਜ਼ ਰਹਿਤ ਜ਼ਮੀਨ ਰਜਿਸਟ੍ਰੇਸ਼ਨ ਪ੍ਰਣਾਲੀ ਨੇ ਸ਼ਾਨਦਾਰ ਨਤੀਜੇ ਦਿੱਤੇ ਹਨ। ਨਵੀਂ ਡਿਜੀਟਲ ਪ੍ਰਣਾਲੀ ਲਾਗੂ ਹੋਣ ਤੋਂ ਕੇਵਲ 21 ਦਿਨਾਂ ਵਿੱਚ 10,450 ਜਾਇਦਾਦਾਂ ਦਾ ਆਨਲਾਈਨ ਰਜਿਸਟ੍ਰੇਸ਼ਨ ਹੋ ਗਿਆ ਹੈ। ਇਸ ਦੌਰਾਨ ਰਾਜ ਨੇ ਇੱਕ ਦਿਨ ਵਿੱਚ ਬਿਨਾਂ ਕਾਗਜ਼ੀ ਕਾਰਵਾਈ ਦੇ 1,659 ਰਜਿਸਟ੍ਰੇਸ਼ਨਾਂ ਦਾ ਨਵਾਂ ਰਿਕਾਰਡ ਬਣਾਇਆ।
ਮਾਲੀਆ ਕਮਿਸ਼ਨਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ 1 ਤੋਂ 21 ਨਵੰਬਰ ਤੱਕ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਲਈ 9,365 ਔਨਲਾਈਨ ਅਪੌਇੰਟਮੈਂਟ ਬੁੱਕ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 8,338 ਡੀਡਾਂ ਦੀ ਮਨਜ਼ੂਰੀ ਹੋ ਗਈ ਹੈ। ਕੁੱਲ ਮਿਲਾ ਕੇ 9,260 ਰਜਿਸਟ੍ਰੇਸ਼ਨਾਂ ਨੂੰ ਹਰੀ ਝੰਡੀ ਮਿਲ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਨਵੀਂ ਪ੍ਰਣਾਲੀ ਵਿੱਚ ਡੀਡ ਵੈਰੀਫਿਕੇਸ਼ਨ ਆਰ.ਸੀ. ਅਤੇ ਸਬ-ਰਜਿਸਟਰਾਰ ਡੈਸ਼ਬੋਰਡ ਦੋਵਾਂ ਤੇ ਸਪਸ਼ਟ ਤੌਰ ‘ਤੇ ਦਰਸਾਇਆ ਜਾਂਦਾ ਹੈ, ਜਿਸ ਨਾਲ ਕਾਰਵਾਈ ਹੋਰ ਪਾਰਦਰਸ਼ੀ ਅਤੇ ਤੇਜ਼ ਹੋਈ ਹੈ। ਤਹਿਸੀਲਦਾਰ ਆਪਣੇ ਲੌਗਇਨ ਤੋਂ ਸਿੱਧੇ ਟੋਕਨ ਵਾਪਸ ਕਰ ਸਕਦੇ ਹਨ। ਸਟੈਂਪ ਡਿਊਟੀ, ਟੋਕਨ ਪ੍ਰਕ੍ਰਿਆ ਅਤੇ ਕਈ ਹੋਰ ਤਕਨੀਕੀ ਮੁਸ਼ਕਲਾਂ ਨੂੰ ਵੀ ਹੱਲ ਕਰ ਦਿੱਤਾ ਗਿਆ ਹੈ। ਗਲਤ ਟੋਕਨ ਦੇ ਕੇਸ ਵਿੱਚ ਬਿਨਾ ਪ੍ਰਮਾਣਨ ਪੂਰਾ ਹੋਏ 503 ਰੁਪਏ ਨਹੀਂ ਕਟਣਗੇ।
ਇਸ ਦੇ ਨਾਲ ਹੀ ਡੀਡ ਰਾਈਟਰ ਵੈਲਫੇਅਰ ਐਸੋਸੀਏਸ਼ਨ ਦੀ ਵੱਖਰੀ ਮੀਟਿੰਗ ਹੋਈ, ਜਿਸ ਵਿੱਚ ਕਾਗਜ਼ ਰਹਿਤ ਪ੍ਰਣਾਲੀ ਵਿੱਚ ਆ ਰਹੀਆਂ ਕਮੀਆਂ ਅਤੇ ਸੁਧਾਰਾਂ ’ਤੇ ਚਰਚਾ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਪੇਪਰਲੈੱਸ ਰਜਿਸਟ੍ਰੇਸ਼ਨ ਦੇ ਕਦਮ ਦਾ ਸਵਾਗਤ ਕੀਤਾ, ਪਰ ਸਾਥ ਹੀ ਕਿਹਾ ਕਿ ਇਸਨੂੰ ਜਲਦਬਾਜ਼ੀ ਵਿੱਚ ਲਾਗੂ ਕੀਤਾ ਗਿਆ ਹੈ ਜਿਸ ਕਰਕੇ ਤਕਨੀਕੀ ਖਾਮੀਆਂ ਲੋਕਾਂ ਨੂੰ ਸਾਹਮਣਾ ਕਰ ਰਹੀਆਂ ਹਨ। ਐਸੋਸੀਏਸ਼ਨ ਨੇ ਪੰਜ ਮੈਂਬਰੀ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਹੈ, ਤਾਂ ਜੋ ਪ੍ਰਣਾਲੀ ਨੂੰ ਹੋਰ ਸੁਚੱਜਾ ਅਤੇ ਸੁਧਾਰਿਆ ਜਾ ਸਕੇ।
