ਸੜਕਾਂ ਅਤੇ ਜਲ ਸਪਲਾਈ ਪ੍ਰੋਜੈਕਟ ਹੋਣਗੇ ਸ਼ੁਰੂ – ਐਡਵੋਕੇਟ ਬਲਜੀਤ ਸਿੰਘ ਪਾਹੜਾ
ਗੁਰਦਾਸਪੁਰ, 22 ਨਵੰਬਰ, 2025 (ਜਤਿੰਦਰ ਗਰਗ): ਗੁਰਦਾਸਪੁਰ ਨਗਰ ਕੌਂਸਲ ਦੀ ਮਹੱਤਵਪੂਰਨ ਮੀਟਿੰਗ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਦੀ ਅਗਵਾਈ ਹੇਠ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਹੋਈ। ਮੀਟਿੰਗ ਵਿੱਚ ਸਾਰੇ ਕੌਂਸਲਰਾਂ ਦੀ ਹਾਜ਼ਰੀ ਰਹੀ ਅਤੇ ਹਾਊਸ ਵੱਲੋਂ ਸ਼ਹਿਰ ਵਿੱਚ ਵਿਕਾਸ ਦੇ ਵੱਖ-ਵੱਖ ਕੰਮਾਂ ਲਈ ₹9 ਕਰੋੜ ਦੇ ਪ੍ਰੋਜੈਕਟਾਂ ਨੂੰ ਮੰਜੂਰੀ ਦਿੱਤੀ ਗਈ।
ਪ੍ਰੋਜੈਕਟ ਤਹਿਤ ਗੁਰਦਾਸਪੁਰ ਦੇ ਲਗਭਗ 14.5 ਕਿਲੋਮੀਟਰ ਲੰਬੇ ਸੜਕ ਜਾਲ ਦਾ ਨਵੀਨੀਕਰਨ ਕੀਤਾ ਜਾਵੇਗਾ। ਗੀਤਾ ਭਵਨ ਰੋਡ ਤੋਂ ਹਨੂਮਾਨ ਚੌਕ, ਸ਼ਹੀਦ ਪਾਰਕ ਤੋਂ ਪੰਚਾਇਤ ਭਵਨ, ਡਾਖਾਣਾ ਚੌਕ ਤੋਂ ਗੁਰੂ ਨਾਨਕ ਪਾਰਕ ਸਮੇਤ ਕਈ ਮੁੱਖ ਰੂਟਾਂ ਦਾ ਕੰਮ ਜਲਦ ਸ਼ੁਰੂ ਹੋਵੇਗਾ।
ਇਸਦੇ ਨਾਲ ਹੀ ਸ਼ਹਿਰ ਦੇ ਵਾਟਰ ਸਪਲਾਈ ਸਿਸਟਮ ਨੂੰ ਮਜਬੂਤ ਕਰਨ ਲਈ ਪੰਜ ਨਵੇਂ ਪੰਪ, ਪਾਈਪਲਾਈਨਾਂ ਅਤੇ ਨਵੇਂ ਟੈਂਕ ਲਗਾਏ ਜਾਣਗੇ। ਬਟਾਲਾ ਰੋਡ, ਨਬੀਪੁਰ, ਬਾਬੋਵਾਲ, ਰਾਜਿੰਦਰਾ ਗਾਰਡਨ ਅਤੇ ਪੰਚਾਇਤ ਭਵਨ ਖੇਤਰਾਂ ਵਿੱਚ ਨਵੀਆਂ ਸਪਲਾਈ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ, ਜਦੋਂ ਕਿ ਕਈ ਪੁਰਾਣੀਆਂ ਲਾਈਨਾਂ ਦੀ ਮੁਰੰਮਤ ਵੀ ਹੋਵੇਗੀ।
ਨਗਰ ਕੌਂਸਲ ਦੇ ਅਨੁਸਾਰ, ਬਾਜਵਾ ਕਲੋਨੀ ਅਤੇ ਆਈ.ਟੀ.ਆਈ. ਖੇਤਰ ਵਿੱਚ ਸੀਵਰੇਜ ਅਤੇ ਇੰਟਰਮੀਡੀਏਟ ਪੰਪਿੰਗ ਸਟੇਸ਼ਨ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਲਾਗਤ ਕ੍ਰਮਵਾਰ ₹10 ਕਰੋੜ ਹੈ। ਇਸ ਪ੍ਰੋਜੈਕਟ ਲਈ ਟੈਂਡਰ ਜਾਰੀ ਹੋ ਚੁੱਕੇ ਹਨ ਅਤੇ ਜਲਦ ਕੰਮ ਦੀ ਸ਼ੁਰੂਆਤ ਹੋਵੇਗੀ।
ਸ਼ਹਿਰ ਵਿੱਚ ਲਗਭਗ ₹80 ਕਰੋੜ ਦੀ ਲਾਗਤ ਨਾਲ ਸੀਵਰੇਜ ਟ੍ਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ, ਜਿਸ ਲਈ ਛੇ ਏਕੜ ਜ਼ਮੀਨ ਖਰੀਦੀ ਜਾ ਚੁੱਕੀ ਹੈ। ਔਜਲਾ ਖੇਤਰ, ਜੋ ਰੇਲਵੇ ਲਾਈਨ ਦੇ ਨੇੜੇ ਹੋਣ ਕਾਰਨ ਸਹੂਲਤ ਤੋਂ ਵਾਂਝਾ ਸੀ, ਹੁਣ ਪਲਾਂਟ ਨਾਲ ਸੀਧੀ ਪਾਈਪਲਾਈਨ ਰਾਹੀਂ ਜੋੜਿਆ ਜਾਵੇਗਾ।
ਨਗਰ ਕੌਂਸਲ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਜ਼ਦੀਕੀ ਇਲਾਕੇ ਵਿੱਚ ਜ਼ਮੀਨ ਖਰੀਦੀ ਗਈ ਹੈ, ਪਰ ਮੌਜੂਦਾ ਸਰਕਾਰ ਦੇ ਕੁਝ ਆਗੂ ਕੰਮ ਵਿੱਚ ਰੁਕਾਵਟ ਪੈਦਾ ਕਰ ਰਹੇ ਹਨ। ਐਡਵੋਕੇਟ ਪਾਹੜਾ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਜਲਦ ਕਾਰਵਾਈ ਕਰਕੇ ਕੂੜਾ ਨਿੱਪਟਾਰੇ ਲਈ ਜਗ੍ਹਾ ਉਪਲਬਧ ਕਰਵਾਏ।








