ਪਟਿਆਲਾ, 21 ਨਵੰਬਰ (ਛਤਰਪਾਲ ਸਿੰਘ): ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਹਵਾ ਪ੍ਰਦੂਸ਼ਣ ਦੇ ਵੱਧਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਸਰਜਨ ਡਾ. ਸੰਜੇ ਕਾਮਰਾ ਨੇ ਲੋਕਾਂ ਨੂੰ ਸਚੇਤ ਰਹਿਣ ਅਤੇ ਜ਼ਰੂਰੀ ਸਾਵਧਾਨੀਆਂ ਅਪਣਾਉਣ ਲਈ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਵਾਤਾਵਰਣ ਦਾ ਸਾਫ ਅਤੇ ਪ੍ਰਦੂਸ਼ਣ-ਮੁਕਤ ਹੋਣਾ ਬਹੁਤ ਜ਼ਰੂਰੀ ਹੈ। ਹਵਾ ਪ੍ਰਦੂਸ਼ਣ ਖਾਸ ਤੌਰ ’ਤੇ ਛੋਟੇ ਬੱਚਿਆਂ, ਗਰਭਵਤੀ ਮਹਿਲਾਵਾਂ, 60 ਸਾਲ ਤੋਂ ਉਪਰ ਬਜ਼ੁਰਗਾਂ ਅਤੇ ਸ਼ੂਗਰ, ਦਮਾ, ਦਿਲ ਦੀਆਂ ਬਿਮਾਰੀਆਂ ਤੇ ਸਾਹ ਸੰਬੰਧੀ ਸਮੱਸਿਆਵਾਂ ਵਾਲੇ ਲੋਕਾਂ ਲਈ ਵੱਧ ਖਤਰਨਾਕ ਹੈ।
ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਕਾਰਨ ਖੰਘ, ਸਾਹ ਚੜ੍ਹਣਾ, ਜ਼ੁਕਾਮ, ਨਜ਼ਲਾ, ਅੱਖਾਂ ’ਚ ਲਾਲੀ ਅਤੇ ਖਾਰਿਸ਼ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ। ਇਸ ਲਈ ਸੰਵੇਦਨਸ਼ੀਲ ਮਰੀਜ਼ਾਂ ਅਤੇ ਬੱਚਿਆਂ ਨੂੰ ਬਾਹਰੀ ਗਤੀਵਿਧੀਆਂ ਤੋਂ ਬਚਣਾ ਚਾਹੀਦਾ ਹੈ, ਅਤੇ ਜੇ ਕੁਝ ਸਮੱਸਿਆ ਉਭਰੇ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਉਨ੍ਹਾਂ ਨੇ ਖਾਸ ਕਰਕੇ ਸਵੇਰੇ ਤੇ ਸ਼ਾਮ ਦੇ ਸਮੇਂ ਬਾਹਰ ਜਾਣ ਤੋਂ ਪ੍ਰਹੇਜ਼ ਕਰਨ ਦੀ ਅਪੀਲ ਕੀਤੀ। ਬਾਹਰ ਨਿਕਲਣਾ ਲਾਜ਼ਮੀ ਹੋਵੇ ਤਾਂ ਮਾਸਕ ਪਹਿਨਣ, ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਉਣ ਅਤੇ ਸੰਤੁਲਿਤ ਖੁਰਾਕ ਖਾਣ ਦੀ ਸਿਫ਼ਾਰਸ਼ ਕੀਤੀ ਗਈ।
ਸਿਵਲ ਸਰਜਨ ਨੇ ਕਿਹਾ ਕਿ ਹਵਾ ਨੂੰ ਸਾਫ ਰੱਖਣ ਲਈ ਮਸ਼ੀਨਰੀ ਦੀ ਥਾਂ ਹੱਥੀਂ ਕੰਮ ਨੂੰ ਤਰਜੀਹ ਦਿੱਤੀ ਜਾਵੇ ਅਤੇ ਜਿੱਥੇ ਸੰਭਵ ਹੋਵੇ ਪੈਟਰੋਲ–ਡੀਜ਼ਲ ਵਾਲੇ ਵਾਹਨਾਂ ਦੀ ਵਰਤੋਂ ਘੱਟ ਕੀਤੀ ਜਾਵੇ, ਤਾਂ ਜੋ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਇਆ ਜਾ ਸਕੇ।







