ਗੁਰੂ ਤੇਗ਼ ਬਹਾਦੁਰ ਜੀ (ਜਨਮ 1 ਅਪ੍ਰੈਲ 1621, ਅੰਮ੍ਰਿਤਸਰ—ਸ਼ਹੀਦੀ 11 ਨਵੰਬਰ 1675, ਦਿੱਲੀ) ਸਿੱਖ ਧਰਮ ਦੇ ਨੌਵੇਂ ਗੁਰੂ (1664–1675) ਸਨ। ਉਹ ਮੁਗਲ ਸ਼ਾਸਕਾਂ ਦੁਆਰਾ ਸ਼ਹੀਦ ਕੀਤੇ ਗਏ ਦੂਜੇ ਸਿੱਖ ਗੁਰੂ ਹਨ। ਗੁਰੂ ਤੇਗ਼ ਬਹਾਦੁਰ ਜੀ ਨੂੰ ਨਾ ਸਿਰਫ਼ ਧਾਰਮਿਕ ਨੇਤਾ ਸਗੋਂ ਧਰਮਿਕ ਆਜ਼ਾਦੀ ਦੇ ਮਹਾਨ ਸਰਪ੍ਰਸਤ ਵਜੋਂ ਜਾਣਿਆ ਜਾਂਦਾ ਹੈ। ਉਹ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਸਨ। ਆਪਣੇ ਗੁਰੁਕਾਲ ਦੌਰਾਨ ਉਨ੍ਹਾਂ ਨੇ ਸਿੱਖ ਕੌਮ ਨੂੰ ਰਾਜਨੀਤਕ ਅਸਥਿਰਤਾ, ਜ਼ੁਲਮ ਅਤੇ ਧਾਰਮਿਕ ਪਾਬੰਦੀਆਂ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹਾ ਕੀਤਾ।
ਜਨਮ ਅਤੇ ਸਿੱਖਿਆ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਵੇਂ ਸਿੱਖਾਂ ਦੇ 9ਵੇਂ ਗੁਰੂ ਹਨ ਪਰ ਉਨ੍ਹਾਂ ਦੀ ਮਹਾਨ ਸ਼ਹਾਦਤ ਸਿੱਖ ਧਰਮ ਲਈ ਨਹੀਂ, ਬਲਕਿ ਸਮੁੱਚੇ ਭਾਰਤੀ ਲੋਕਾਂ ਦੇ ਲਈ ਸੀ। ਉਨ੍ਹਾਂ ਦਾ ਜਨਮ 1 ਅਪ੍ਰੈਲ 1621 ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਘਰ ਹੋਇਆ। ਆਪ ਜੀ ਗੁਰੂ ਸਾਹਿਬ ਦੇ ਪੰਜਵੇਂ ਅਤੇ ਸਭ ਤੋਂ ਛੋਟੇ ਸਪੁੱਤਰ ਸਨ।
ਆਪ ਜੀ ਦੇ ਬਚਪਨ ਦਾ ਨਾਮ ਤਿਆਗ ਮੱਲ ਸੀ ਪਰ 1635 ਵਿਚ ਕਰਤਾਰਪੁਰ ਦੀ ਲੜਾਈ ਵਿਚ ਗੁਰੂ ਹਰਗੋਬਿੰਦ ਜੀ ਨੇ ਆਪ ਜੀ ਦੀ ਬਹਾਦਰੀ ਨੂੰ ਦੇਖਦਿਆਂ ਆਪ ਜੀ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਸੀ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 9 ਸਾਲ ਦੇ ਕਰੀਬ ਅੰਮ੍ਰਿਤਸਰ ਗੁਜ਼ਾਰੇ ਅਤੇ ਫਿਰ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਵਿਖੇ ਚਲੇ ਗਏ।
ਉਸ ਤੋਂ ਇਲਾਵਾ ਉਨ੍ਹਾਂ ਨੇ ਵਾਦ-ਵਾਦਨ, ਸ਼ਸਤ੍ਰ ਕਲਾ, ਤੀਰਅੰਦਾਜ਼ੀ, ਘੁੜਸਵਾਰੀ ਅਤੇ ਤਲਵਾਰਬਾਜ਼ੀ ਵਿੱਚ ਮਹਾਰਤ ਹਾਸਲ ਕੀਤੀ। ਬਚਪਨ ਤੋਂ ਹੀ ਉਨ੍ਹਾਂ ਨੇ ਸਿੱਖਾਂ ਦੀ ਰਖਿਆ ਲਈ ਹੋ ਰਹੇ ਮੁਗਲ ਜ਼ੁਲਮਾਂ ਦੇ ਖ਼ਿਲਾਫ਼ ਲੜਾਈਆਂ ਵਿੱਚ ਹਿੱਸਾ ਲਿਆ।
“ਤੇਗ਼ ਬਹਾਦੁਰ” ਨਾਮ ਦੀ ਪ੍ਰਾਪਤੀ
ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਨੂੰ ਮੁਗਲ ਸ਼ੋਸ਼ਣ ਦੇ ਵਿਰੁੱਧ ਲੜਨ ਲਈ ਤਿਆਰ ਕੀਤਾ ਸੀ। ਤਿਆਗ ਮੱਲ ਨੇ ਵੀ ਬਹੁਤ ਛੋਟੀ ਉਮਰ ਵਿੱਚ ਹੀ ਆਪਣੀ ਬਹਾਦਰੀ ਦਿਖਾਈ। ਕਰਤਾਰਪੁਰ ਦੀ ਜੰਗ ਵਿੱਚ ਬੇਮਿਸਾਲ ਸ਼ੂਰਵੀਰਤਾ ਦਿਖਾਉਣ ‘ਤੇ ਉਨ੍ਹਾਂ ਨੂੰ “ਤੇਗ਼ ਬਹਾਦੁਰ” — “ਤਲਵਾਰ ਦਾ ਮਹਾਨ ਸੂਰਮਾ” — ਦੀ ਉਪਾਧੀ ਪ੍ਰਾਪਤ ਹੋਈ।
ਗੁਰਗੱਦੀ ਦੀ ਪ੍ਰਾਪਤੀ
ਗੁਰੂ ਹਰਗੋਬਿੰਦ ਜੀ ਦੇ ਬਾਦ ਗੁਰਗੱਦੀ ਪਹਿਲਾਂ ਗੁਰੂ ਹਰ ਰਾਇ ਅਤੇ ਫਿਰ ਬਾਲ ਗੁਰੂ ਹਰ ਕ੍ਰਿਸ਼ਨ ਨੂੰ ਮਿਲੀ। ਆਪਣੇ ਅੰਤਿਮ ਸਮੇਂ ਗੁਰੂ ਹਰ ਕ੍ਰਿਸ਼ਨ ਨੇ ਇਸ਼ਾਰਾ ਕੀਤਾ ਕਿ ਅਗਲਾ ਗੁਰੂ, ਬਕਾਲਾ ਵਿੱਚ ਮਿਲੇਗਾ। ਉਸ ਸਮੇਂ 22 ਲੋਕਾਂ ਨੇ ਆਪਣੇ ਆਪ ਨੂੰ ਗੁਰੂ ਦੱਸਣਾ ਸ਼ੁਰੂ ਕੀਤਾ। ਭਾਈ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਤੇਗ਼ ਬਹਾਦੁਰ ਜੀ ਦੀ ਨਿਸ਼ਕਾਮਤਾ ਅਤੇ ਸੱਚਾਈ ਪਹਿਚਾਨ ਕੇ ਸੰਗਤ ਅੱਗੇ ਐਲਾਨ ਕਰ ਦਿੱਤਾ ਕਿ ਉਹੀ ਸੱਚੇ ਨੌਵੇਂ ਗੁਰੂ ਹਨ।
ਮੁਗਲ ਰਾਜ ਅਤੇ ਧਾਰਮਿਕ ਦਬਾਅ
ਗੁਰੂ ਤੇਗ਼ ਬਹਾਦੁਰ ਜੀ ਦਾ ਸਮਾਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਨਾਲ ਜੁੜਿਆ ਸੀ। ਔਰੰਗਜ਼ੇਬ ਨੇ ਪੁਰਾਣੀ ਧਾਰਮਿਕ ਸਹਿਨਸ਼ੀਲਤਾ ਨੂੰ ਖਤਮ ਕਰਕੇ ਜਿਜ਼ਿਆ ਟੈਕਸ ਦੁਬਾਰਾ ਲਗਾਇਆ, ਮੰਦਰ ਤਬਾਹ ਕੀਤੇ ਅਤੇ ਗ਼ੈਰ-ਮੁਸਲਮਾਨਾਂ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ। ਇਸ ਨਾਲ ਵਿਆਪਕ ਬੇਚੈਨੀ ਅਤੇ ਵਿਰੋਧ ਪੈਦਾ ਹੋਇਆ।
ਕਸ਼ਮੀਰੀ ਪੰਡਿਤਾਂ ਦੇ ਹੱਕ ਲਈ ਖੜ੍ਹੇ
ਦਿੱਲੀ ਤੋਂ ਜਾਰੀ ਜ਼ਬਰਦਸਤੀ ਧਰਮ-ਪਰਿਵਰਤਨ ਦੀ ਕਾਰਵਾਈ ਦੇ ਵਿਰੋਧ ਵਿੱਚ ਕਸ਼ਮੀਰੀ ਬ੍ਰਾਹਮਣ ਗੁਰੂ ਤੇਗ਼ ਬਹਾਦੁਰ ਜੀ ਕੋਲ ਸ਼ਰਨ ਲੈ ਕੇ ਆਏ। ਆਪਣੇ ਪੁੱਤਰ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਦੀ ਹਿੰਮਤ ਨਾਲ ਗੁਰੂ ਸਾਹਿਬ ਨੇ ਬ੍ਰਾਹਮਣਾਂ ਨੂੰ ਕਿਹਾ ਕਿ ਬਾਦਸ਼ਾਹ ਨੂੰ ਜਾ ਕੇ ਦੱਸੋ ਕਿ ਪਹਿਲਾਂ ਗੁਰੂ ਜੀ ਇਸਲਾਮ ਕਬੂਲ ਕਰਨਗੇ, ਫਿਰ ਉਹ ਬਦਲਾਂਗੇ। ਇਹ ਸੁਣਕੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦਾ ਗਿਆ।
ਸ਼ਹੀਦੀ
ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 8 ਜੁਲਾਈ 1675 ਈਸਵੀ ਵਿਚ ਆਪਣੇ ਸਪੁੱਤਰ ਗੋਬਿੰਦ ਰਾਇ ਨੂੰ ਗੁਰਗੱਦੀ ਥਾਪ ਦਿੱਤੀ ਅਤੇ ਆਪਣੇ ਤਿੰਨ ਸ਼ਰਧਾਲੂਆਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜੈਤਾ ਅਤੇ ਭਾਈ ਦਿਆਲਾ ਸਮੇਤ ਕੁੱਝ ਹੋਰ ਸਿੱਖਾਂ ਨਾਲ ਦਿੱਲੀ ਵੱਲ ਚਾਲੇ ਪਾ ਦਿੱਤੇ। ਜਦੋਂ ਗੁਰੂ ਸਾਹਿਬ ਆਗਰੇ ਪੁੱਜੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਆਗਰੇ ਤੋਂ ਦਿੱਲੀ ਲਿਆਂਦਾ ਗਿਆ। ਇਸ ਮਗਰੋਂ ਗੁਰੂ ਸਾਹਿਬ ਨੂੰ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ। ਔਰੰਗਜ਼ੇਬ ਨੇ ਉਨ੍ਹਾਂ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ। ਇਸਲਾਮ ਕਬੂਲ ਕਰ ਲਓ ਜਾਂ ਕੋਈ ਚਮਤਕਾਰ ਦਿਖਾਓ ਜਾਂ ਫਿਰ ਸ਼ਹੀਦ ਹੋਣ ਲਈ ਤਿਆਰ ਰਹੋ।
ਪਰ ਗੁਰੂ ਤੇਗ਼ ਬਹਾਦੁਰ ਜੀ ਨੇ ਦੋਵੇਂ ਨੂੰ ਠੁਕਰਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸੱਚ ਦੇ ਰਾਹ ਤੇ ਮਰਨ ਨੂੰ ਉਹਨਾਂ ਨੂੰ ਕੋਈ ਡਰ ਨਹੀਂ। ਔਰੰਗਜ਼ੇਬ ਦੇ ਹੁਕਮ ਅਨੁਸਾਰ ਪਹਿਲਾਂ ਭਾਈ ਮਤੀ ਦਾਸ ਨੂੰ ਲੱਕੜ ਦੇ ਇਕ ਬਕਸੇ ਵਿਚ ਜਕੜ ਕੇ ਆਰੇ ਨਾਲ ਵਿਚਕਾਰੋਂ ਚੀਰਿਆ ਗਿਆ, ਫਿਰ ਭਾਈ ਸਤੀ ਦਾਸ ਨੂੰ ਰੂੰ ਵਿੱਚ ਬੰਨ੍ਹ ਕੇ ਸਾੜਿਆ ਗਿਆ ਅਤੇ ਫਿਰ ਭਾਈ ਦਿਆਲਾ ਨੂੰ ਉਬਲਦੀ ਦੇਗ ਵਿਚ ਬਿਠਾ ਕੇ ਗੁਰੂ ਸਾਹਿਬ ਦੀਆਂ ਅੱਖਾਂ ਸਾਹਮਣੇ ਹੀ ਸ਼ਹੀਦ ਕਰ ਦਿੱਤਾ ਗਿਆ। ਦਰਅਸਲ ਔਰੰਗਜ਼ੇਬ ਗੁਰੂ ਸਾਹਿਬ ਨੂੰ ਡਰਾਉਣਾ ਚਾਹੁੰਦਾ ਸੀ ਪਰ ਗੁਰੂ ਸਾਹਿਬ ਤਾਂ ਵਾਹਿਗੁਰੂ ਦਾ ਭਾਣਾ ਮੰਨੀ ਬੈਠੇ ਸੀ।
ਆਖ਼ਰਕਾਰ 11 ਨਵੰਬਰ, 1675 ਈਸਵੀ ਨੂੰ ਕਾਜ਼ੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕਰਨ ਦਾ ਫ਼ਤਵਾ ਜਾਰੀ ਕਰ ਦਿੱਤਾ। ਇਸ ਤੋਂ ਬਾਅਦ ਜੱਲਾਦ ਜਲਾਲਦੀਨ ਨੇ ਤਲਵਾਰ ਦੇ ਵਾਰ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਕਰ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ।
ਇਸੇ ਦੌਰਾਨ ਗੁਰੂ ਸਾਹਿਬ ਅਨਿੰਨ ਸੇਵਕ ਭਾਈ ਜੈਤਾ ਜੀ ਬੜੀ ਚਲਾਕੀ ਨਾਲ ਗੁਰੂ ਸਾਹਿਬ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ, ਜਿੱਥੇ ਉਨ੍ਹਾਂ ਦੇ ਸੀਸ ਦਾ ਸਸਕਾਰ ਕੀਤਾ ਗਿਆ। ਜਦਕਿ ਗੁਰੂ ਸਾਹਿਬ ਦੀ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਘਰ ਲੈ ਗਿਆ, ਜਿਸ ਤੋਂ ਬਾਅਦ ਉਸ ਨੇ ਗੁਰੂ ਸਾਹਿਬ ਦੇ ਧੜ ਨੂੰ ਆਪਣੇ ਘਰ ਦੇ ਅੰਦਰ ਰੱਖ ਕੇ ਸਾਰੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਗੁਰੂ ਸਾਹਿਬ ਦੀ ਧੜ ਦਾ ਸੰਸਕਾਰ ਕਰ ਦਿੱਤਾ। ਅੱਜ ਇਸ ਅਸਥਾਨ ’ਤੇ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਸੁਸ਼ੋਭਿਤ ਐ।
ਯੋਗਦਾਨ
- ਗੁਰੂ ਸਾਹਿਬ ਨੇ ਆਦਿ ਗ੍ਰੰਥ ਵਿੱਚ 116 ਸ਼ਬਦ ਅਤੇ ਸ਼ਲੋਕ ਜੋੜੇ।
- ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰ ਅਤੇ ਅਨਿਆਇ ਦੇ ਵਿਰੁੱਧ ਖੜ੍ਹੇ ਹੋਣ ਦਾ ਸੰਦੇਸ਼ ਦਿੱਤਾ।
- ਉਨ੍ਹਾਂ ਦੇ ਬਾਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ।
ਸ਼ਹੀਦੀ ਦਿਵਸ
ਹਾਲਾਂਕਿ ਇਤਿਹਾਸਕ ਤਾਰੀਖ 11 ਨਵੰਬਰ ਦਰਜ ਹੈ, ਪਰ ਅੱਜ ਸਿੱਖ ਕੌਮ ਹਰ ਸਾਲ 24 ਨਵੰਬਰ ਨੂੰ ਗੁਰੂ ਤੇਗ਼ ਬਹਾਦੁਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਾਜਿਕ ਨਿਆਂ ਅਤੇ ਧਾਰਮਿਕ ਆਜ਼ਾਦੀ ਦੇ ਪ੍ਰਤੀਕ ਵਜੋਂ ਮਨਾਉਂਦੀ ਹੈ। ਇਸ ਦੌਰਾਨ ਅਖੰਡ ਪਾਠ, ਨਗਰ ਕੀਰਤਨ ਅਤੇ ਗੁਰਦੁਆਰਿਆਂ ਦੀ ਰੋਸ਼ਨੀ ਕੀਤੀ ਜਾਂਦੀ ਹੈ।
ਗੁਰੂ ਤੇਗ਼ ਬਹਾਦੁਰ ਜੀ ਦਾ ਬਲੀਦਾਨ ਸੰਸਾਰ ਦੇ ਇਤਿਹਾਸ ਦਾ ਉਹ ਅਨਮੋਲ ਅਧਿਆਇ ਹੈ ਜਿਸ ਨੇ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ —
ਸਿਰ ਜਾ ਸਕਦਾ ਹੈ, ਪਰ ਸੱਚ ਅਤੇ ਧਰਮ ਨਹੀਂ।








