ਚੰਡੀਗੜ੍ਹ : (ਜਗਦੇਵ ਰੰਚਨਾਂ): ਰਿਸ਼ਵਤਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰਾਹਤ ਮਿਲੀ ਹੈ। ਸੀ.ਬੀ.ਆਈ. ਨੇ ਅਦਾਲਤ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਭੁੱਲਰ ਪਰਿਵਾਰ ਦੇ ਪੰਜ ਬੈਂਕ ਖਾਤਿਆਂ ਨੂੰ ਡੀ-ਫ੍ਰੀਜ਼ ਕਰਨ ’ਤੇ ਕੋਈ ਇਤਰਾਜ਼ ਨਹੀਂ।
ਉਲੇਖਣਯੋਗ ਹੈ ਕਿ ਸੀ.ਬੀ.ਆਈ. ਨੇ ਪਿਛਲੇ ਮਹੀਨੇ ਭੁੱਲਰ ਅਤੇ ਉਨ੍ਹਾਂ ਦੇ ਸਾਥੀ ਕ੍ਰਿਸ਼ਨੂ ਸ਼ਾਰਦਾ ਨੂੰ ਰਿਸ਼ਵਤ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਜਾਂਚ ਦੌਰਾਨ ਭੁੱਲਰ ਪਰਿਵਾਰ ਦੇ ਕੁੱਲ ਅੱਠ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਸਨ। ਇਨ੍ਹਾਂ ਵਿੱਚ ਡੀ.ਆਈ.ਜੀ. ਭੁੱਲਰ ਅਤੇ ਉਨ੍ਹਾਂ ਦੇ ਪੁੱਤਰ ਦੇ ਸੈਲਰੀ ਖਾਤੇ, ਪਿਤਾ ਦਾ ਪੈਨਸ਼ਨ ਅਕਾਊਂਟ ਅਤੇ ਕੁਝ ਹੋਰ ਜੁਆਇੰਟ ਖਾਤੇ ਸ਼ਾਮਲ ਸਨ, ਜਿਸ ਕਾਰਨ ਘਰ ਵਿੱਚ ਰੋਜ਼ਾਨਾ ਦੇ ਲੈਣ-ਦੇਣ ਰੁਕ ਗਏ ਸਨ।
ਭੁੱਲਰ ਦੇ ਵਕੀਲ ਵੱਲੋਂ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ गई, ਜਿਸ ਤੋਂ ਬਾਅਦ ਸੀ.ਬੀ.ਆਈ. ਨੇ ਜਵਾਬ ਵਿਚ ਕਿਹਾ ਕਿ ਪੰਜ ਖਾਤੇ ਡੀ-ਫ੍ਰੀਜ਼ ਕਰਨ ’ਤੇ ਕੋਈ ਐਤਰਾਜ਼ ਨਹੀਂ। ਹਾਲਾਂਕਿ ਬਾਕੀ ਤਿੰਨ ਖਾਤਿਆਂ ਨੂੰ ਸ਼ੱਕੀ ਮੰਨਦੇ ਹੋਏ ਉਨ੍ਹਾਂ ਨੂੰ ਖੋਲ੍ਹਣ ਤੋਂ ਇਨਕਾਰ ਕੀਤਾ ਗਿਆ ਹੈ।
ਭੁੱਲਰ ਦੇ ਖਾਤਿਆਂ ਨਾਲ ਸੰਬੰਧਿਤ ਅਰਜ਼ੀ ’ਤੇ ਅਗਲਾ ਫ਼ੈਸਲਾ 8 ਦਸੰਬਰ ਨੂੰ ਸੁਣਾਇਆ ਜਾਵੇਗਾ। ਇਸ ਦੇ ਨਾਲ ਹੀ ਡੀ.ਆਈ.ਜੀ. ਭੁੱਲਰ ਅਤੇ ਕ੍ਰਿਸ਼ਨੂ ਸ਼ਾਰਦਾ ਨੂੰ ਵੀ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਦੋਨੋਂ ਦੀ ਨਿਆਇਕ ਹਿਰਾਸਤ 14 ਦਿਨ ਵਧਾ ਦਿੱਤੀ ਗਈ।
ਜਾਣਕਾਰੀ ਹੈ ਕਿ ਛਾਪੇਮਾਰੀ ਦੌਰਾਨ ਭੁੱਲਰ ਦੇ ਘਰੋਂ ਲਗਭਗ ਸਾਢੇ ਸੱਤ ਕਰੋੜ ਰੁਪਏ ਦੀ ਨਕਦੀ ਮਿਲੀ ਸੀ, ਜੋ ਇਸ ਵੇਲੇ ਸੀ.ਬੀ.ਆਈ. ਦਫ਼ਤਰ ਦੇ ਮਾਲਖਾਨੇ ਵਿੱਚ ਪਈ ਹੈ। ਸੀ.ਬੀ.ਆਈ. ਨੇ ਇਸ ਰਕਮ ਨੂੰ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ ਦਿੱਤੀ, ਜਿਸ ’ਤੇ ਭੁੱਲਰ ਪੱਖ ਵੱਲੋਂ ਕੋਈ ਵਿਰੋਧ ਨਹੀਂ ਕੀਤਾ ਗਿਆ। ਇਸ ਕਰਕੇ ਹੁਣ ਨਕਦੀ ਬੈਂਕ ਖਾਤੇ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ।







