ਦਿੱਲੀ : (ਰਾਜੇਸ਼ ਕੁਮਾਰ) : ਨਵੇਂ ਸਾਲ ਦੇ ਮੌਕੇ ‘ਤੇ ਨਸ਼ਾ ਤਸਕਰੀ ‘ਤੇ ਵੱਡੀ ਕਾਰਵਾਈ ਕਰਦਿਆਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ “ਆਪਰੇਸ਼ਨ ਨਿਊ ਈਅਰ ਈਵ” ਦੌਰਾਨ 100 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਡਰੱਗਜ਼ ਬਰਾਮਦ ਕਰ ਲਏ। ਦਿੱਲੀ ਅਤੇ ਬੰਗਲੁਰੂ ਵਿੱਚ ਚਲਾਏ ਗਏ ਛਾਪਾਮਾਰੀ ਅਭਿਆਨ ਦੌਰਾਨ ਡਰੱਗ ਨੈੱਟਵਰਕ ਨਾਲ ਜੁੜੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਸਪੈਸ਼ਲ ਸੈੱਲ ਨੇ ਦਿੱਲੀ ਤੋਂ ਤਿੰਨ ਅਤੇ ਬੰਗਲੁਰੂ ਤੋਂ ਇੱਕ ਮੁਲਜ਼ਮ ਨੂੰ ਕਾਬੂ ਕੀਤਾ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਦਿੱਲੀ ਵਿੱਚ ਇੱਕ ਗੁਪਤ ਮੋਬਾਈਲ ਡਰੱਗ ਨਿਰਮਾਣ ਫੈਕਟਰੀ ਚੱਲ ਰਹੀ ਸੀ, ਜਿਸ ਵਿੱਚ ਸਿੰਥੈਟਿਕ ਨਸ਼ੀਲੇ ਪਦਾਰਥ ਤਿਆਰ ਕੀਤੇ ਜਾ ਰਹੇ ਸਨ। ਪੁਲਿਸ ਨੇ ਫੈਕਟਰੀ ਤੋਂ ਰਸਾਇਣ, ਉਪਕਰਣ ਅਤੇ ਵੱਡੀ ਮਾਤਰਾ ਵਿੱਚ ਤਿਆਰ ਸਮੱਗਰੀ ਜ਼ਬਤ ਕਰ ਲਈ।
ਮੁੱਢਲੀ ਜਾਂਚ ਵਿੱਚ ਇਸ ਗਿਰੋਹ ਦੇ ਇੱਕ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਨਾਲ ਨਾਤੇ ਦੇ ਸੰਕੇਤ ਮਿਲੇ ਹਨ। ਸਪੈਸ਼ਲ ਸੈੱਲ ਹੁਣ ਵਿਦੇਸ਼ੀ ਸਪਲਾਈ ਚੇਨ, ਡਿਜ਼ੀਟਲ ਲੈਣ-ਦੇਣ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਸਾਥੀਆਂ ਦੀ ਪਛਾਣ ਲਈ ਤਫ਼ਤੀਸ਼ ਜਾਰੀ ਰੱਖੇ ਹੋਏ ਹੈ।
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਇਹ ਹਾਲੀਆ ਸਮੇਂ ਵਿੱਚ ਨਸ਼ੇ ਦੇ ਗੈਰਕਾਨੂੰਨੀ ਵਪਾਰ ਖ਼ਿਲਾਫ਼ ਸਭ ਤੋਂ ਵੱਡੀਆਂ ਕਾਰਵਾਈਆਂ ਵਿੱਚੋਂ ਇੱਕ ਹੈ, ਜਿਸ ਨਾਲ ਰਾਜਧਾਨੀ ਵਿੱਚ ਨਸ਼ੇ ਦੀ ਆਵਾਜਾਈ ਨੂੰ ਵੱਡਾ ਝਟਕਾ ਲੱਗਾ ਹੈ।







