Home ਪਟਿਆਲਾ ਅਪਡੇਟ ਪੌਣੇ ਪੰਜ ਕਰੋੜ ਦੇ ਵਿਕਾਸ ਕਾਰਜਾਂ ਨੂੰ ਮਿਲੀ ਮਨਜ਼ੂਰੀ

ਪੌਣੇ ਪੰਜ ਕਰੋੜ ਦੇ ਵਿਕਾਸ ਕਾਰਜਾਂ ਨੂੰ ਮਿਲੀ ਮਨਜ਼ੂਰੀ

0
– ਜਨਤਾ ਦੇ ਟੈਕਸ ਦਾ ਪੈਸਾ ਜਨਤਾ ਲਈ ਹੀ ਖਰਚ ਕਰਾਂਗੇ – ਮੇਅਰ ਕੁੰਦਨ ਗੋਗੀਆ

– ਕੌਂਸਲਰਾਂ ਨੂੰ ਟੈਬ ਦੇਣ ਲਈ 12 ਲੱਖ 64 ਹਜਾਰ ਦਾ ਬਜਟ ਪਾਸ, ਟੈਬ ਦੇਣ ਨਾਲ ਕੰਮਕਾਜ ਹੋਵੇਗਾ ਹੋਰ ਤੇਜ਼ ਤੇ ਪਾਰਦਰਸ਼ੀ-ਕਮਿਸ਼ਨਰ ਪਰਮਜੀਤ ਸਿੰਘ  

ਪਟਿਆਲਾ, 19 ਨਵੰਬਰ (ਛਤਰਪਾਲ ਸਿੰਘ) : ਨਗਰ ਨਿਗਮ ਪਟਿਆਲਾ ਦੀ ਅੱਜ ਹੋਈ ਅਹਿਮ ਐਫ ਐਂਡ ਸੀ. ਸੀ. ਦੀ ਮੀਟਿੰਗ ਵਿੱਚ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ 5286 ਲੱਖ ਰੁਪਏ ਦਾ ਬਜਟ ਪਾਸ ਕਰ ਦਿੱਤਾ ਗਿਆ। ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਆਈ ਏ ਐਸ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਸਹਾਇਕ ਕਮਿਸ਼ਨਰ ਰਵਦੀਪ ਸਿੰਘ, ਨਿਗਰਾਨ ਇੰਜਨੀਅਰ ਜਤਿੰਦਰ ਪਾਲ ਸਿੰਘ, ਨਿਗਰਾਨ ਇੰਜਨੀਅਰ ਰਾਜਿੰਦਰ ਚੋਪੜਾ, ਸੁਪਰਡੈਂਟ ਸੰਜੀਵ ਗਰਗ, ਕ੍ਰਿਸ਼ਨ ਕੁਮਾਰ ਪੀ ਏ ਕਮਿਸ਼ਨਰ ਵਿਸ਼ੇਸ਼ ਤੌਰ ਤੇ ਮੌਜੂਦ ਸਨ.

ਬਜਟ ਦੇ ਤਹਿਤ ਸ਼ਹਿਰ ਵਿੱਚ ਚਾਰ ਦਰਜਨ ਤੋਂ ਵੱਧ ਮੁੱਖ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਵਾਰਡ 1, 2, 3, 5 ਅਤੇ 7 ਵਿੱਚ ਸੜਕਾਂ ਦੇ ਨਿਰਮਾਣ ਲਈ ਲੱਖਾਂ ਰੁਪਏ ਜਾਰੀ ਕੀਤੇ ਗਏ। ਵਾਰਡ 24 ਅਤੇ 26 ਵਿੱਚ ਡ੍ਰੇਨੇਜ, ਪਾਣੀ ਸਪਲਾਈ ਅਤੇ ਸੈਨੀਟੇਸ਼ਨ ਨਾਲ ਸਬੰਧਤ ਕਈ ਪੈਂਡਿੰਗ ਪ੍ਰੋਜੈਕਟਾਂ ਨੂੰ ਵੀ ਹਰੀ ਝੰਡੀ ਮਿਲੀ। ਇਸਦੇ ਨਾਲ ਵਾਰਡ 44, 48, 55 ਅਤੇ 60 ਵਿੱਚ ਸੜਕਾਂ, ਸਟ੍ਰੀਟ ਲਾਈਟਾਂ ਅਤੇ ਨਵੀਆਂ ਲਾਈਨਾਂ ਦੇ ਕੰਮਾਂ ਲਈ ਰਕਮ ਰਿਲੀਜ਼ ਕੀਤੀ ਗਈ।

ਮੀਟਿੰਗ ਦੌਰਾਨ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਜਨਤਾ ਦੇ ਟੈਕਸ ਦਾ ਹਰ ਪੈਸਾ ਜਨਤਾ ਦੀ ਭਲਾਈ ’ਤੇ ਹੀ ਖਰਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਵਿਕਾਸ ਕਾਰਜ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਿਕਾਸ ਕਾਰਜਾਂ ਦੀ ਗਤੀ ਤੇਜ਼ ਕਰਨੀ ਲਾਜ਼ਮੀ ਸੀ। ਇਸ ਲਈ ਬਜਟ ਨੂੰ ਤੁਰੰਤ ਮੰਜ਼ੂਰੀ ਦੇ ਕੇ ਨਵੰਬਰ ਮਹੀਨੇ ਤੋਂ ਹੀ ਕੰਮ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਕਮਿਸ਼ਨਰ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਕਿ ਸਾਰੇ ਕੰਮਾਂ ਨੂੰ ਮਿਆਰ ਅਨੁਸਾਰ ਅਤੇ ਸਮੇਂ ਸਿਰ ਪੂਰਾ ਕੀਤਾ ਜਾਵੇ, ਨਹੀਂ ਤਾਂ ਠੇਕੇਦਾਰਾਂ ਖ਼ਿਲਾਫ਼ ਕਾਰਵਾਈ ਹੋਵੇਗੀ।

ਕਮਿਸ਼ਨਰ ਪਰਮਜੀਤ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਕੌਂਸਲਰਾਂ ਨੂੰ ਟੈਬ ਮੁਹੱਈਆ ਕਰਨ ਦਾ ਫੈਸਲਾ ਸ਼ਹਿਰੀ ਪ੍ਰਸ਼ਾਸਨ ਦੇ ਕੰਮਕਾਜ ਨੂੰ ਡਿਜ਼ਿਟਲ ਅਤੇ ਪਾਰਦਰਸ਼ੀ ਬਣਾਉਣ ਵੱਲ ਵੱਡਾ ਕਦਮ ਹੋਵੇਗਾ। ਟੈਬ ਨਾਲ ਕੌਂਸਲਰ ਮੀਟਿੰਗ ਅਜੰਡੇ, ਫਾਈਲਾਂ, ਬਿੱਲਾਂ ਅਤੇ ਪ੍ਰੋਜੈਕਟ ਰਿਪੋਰਟਾਂ ਨੂੰ ਤੁਰੰਤ ਦੇਖ ਸਕਣਗੇ, ਜਿਸ ਨਾਲ ਕਾਗਜ਼ੀ ਕਾਰਵਾਈ ਘਟੇਗੀ ਅਤੇ ਸਮਾਂ ਬਚੇਗਾ। ਵਿਕਾਸ ਕਾਰਜਾਂ ਦੀ ਨਿਗਰਾਨੀ ਵੀ ਔਖੀਂ ਨਹੀਂ ਰਹੇਗੀ ਕਿਉਂਕਿ ਸਾਈਟ ਦੇ ਫੋਟੋ, ਵੀਡੀਓ ਅਤੇ ਰਿਪੋਰਟ ਤੁਰੰਤ ਅਪਲੋਡ ਕੀਤੇ ਜਾ ਸਕਣਗੇ। ਇਸ ਡਿਜ਼ਿਟਲ ਪ੍ਰਣਾਲੀ ਨਾਲ ਫੈਸਲੇ ਲੈਣ ਦੀ ਗਤੀ ਤੇ ਕੰਮ ਦੀ ਕੁਸ਼ਲਤਾ ਵਧਣ ਦੀ ਉਮੀਦ ਹੈ।

Exit mobile version