Homeਪਟਿਆਲਾ ਅਪਡੇਟਨਗਰ ਨਿਗਮ ਦੀ ਕੜੀ ਕਾਰਵਾਈ: ਖਾਲੀ ਪਲਾਟਾਂ ਦੀ ਗੰਦਗੀ 'ਤੇ ਹੋਵੇਗਾ ਭਾਰੀ...

ਨਗਰ ਨਿਗਮ ਦੀ ਕੜੀ ਕਾਰਵਾਈ: ਖਾਲੀ ਪਲਾਟਾਂ ਦੀ ਗੰਦਗੀ ‘ਤੇ ਹੋਵੇਗਾ ਭਾਰੀ ਜੁਰਮਾਨਾ

ਪਟਿਆਲਾ, 17 ਨਵੰਬਰ (ਜਤਿੰਦਰ ਗਰਗ) : ਪਟਿਆਲਾ ਸ਼ਹਿਰ ਵਿੱਚ ਸਿਹਤ ਅਤੇ ਸਫ਼ਾਈ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਨਗਰ ਨਿਗਮ ਨੇ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਖਾਲੀ ਪਲਾਟਾਂ ਦਾ ਕੂੜਾ ਡੰਪ ਬਣਨਾ ਅਤੇ ਪਾਣੀ ਖੜ੍ਹੇ ਹੋਣ ਨਾਲ ਬਿਮਾਰੀਆਂ ਦਾ ਵੱਡਾ ਕਾਰਨ ਬਣ ਰਿਹਾ ਹੈ, ਜਿਸਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਇਆ ਹੈ।

ਮਾਨਯੋਗ ਮੇਅਰ ਸ਼੍ਰੀ ਕੁੰਦਨ ਗੋਗੀਆ ਨੇ ਸਥਿਤੀ ਦੀ ਗੰਭੀਰਤਾ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ, “ਬਹੁਤ ਸਾਰੇ ਖਾਲੀ ਪਲਾਟਾਂ ਨੂੰ ਆਸ-ਪਾਸ ਦੇ ਲੋਕ ਕੂੜਾ ਸੁੱਟਣ ਦੀ ਜਗ੍ਹਾ ਵਜੋਂ ਵਰਤ ਰਹੇ ਹਨ। ਇਸ ਨਾਲ ਨਾ ਸਿਰਫ਼ ਗੰਦਗੀ ਅਤੇ ਬਦਬੂ ਫੈਲਦੀ ਹੈ, ਸਗੋਂ ਖੜ੍ਹੇ ਪਾਣੀ ਵਿੱਚ ਮੱਛਰਾਂ ਦੇ ਪੈਦਾ ਹੋਣ ਨਾਲ ਡੇਂਗੂ ਅਤੇ ਮਲੇਰੀਆ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਖ਼ਤਰਾ ਵੀ ਕਈ ਗੁਣਾ ਵੱਧ ਜਾਂਦਾ ਹੈ। ਖਾਲੀ ਪਲਾਟਾਂ ਦੀ ਅਣਗਹਿਲੀ ਸਿੱਧੇ ਤੌਰ ‘ਤੇ ਸ਼ਹਿਰਵਾਸੀਆਂ ਦੀ ਸਿਹਤ ਨੂੰ ਖ਼ਤਰੇ ਵਿੱਚ ਪਾ ਰਹੀ ਹੈ।”

ਸਖ਼ਤ ਨਿਰਦੇਸ਼ ਅਤੇ ਕਾਰਵਾਈ:

ਨਗਰ ਨਿਗਮ ਨੇ ਪਲਾਟ ਮਾਲਕਾਂ ਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਖਾਲੀ ਪਲਾਟਾਂ ਦੀ ਸਫ਼ਾਈ ਕਰਵਾਉਣ ਅਤੇ ਉਨ੍ਹਾਂ ਨੂੰ ਕੂੜਾ ਮੁਕਤ ਰੱਖਣ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਮੇਅਰ ਗੋਗੀਆ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਨਿਰਧਾਰਿਤ ਸਮੇਂ ਅੰਦਰ ਪਲਾਟ ਸਾਫ਼ ਨਾ ਕੀਤੇ ਗਏ, ਤਾਂ ਨਿਗਮ ਵੱਲੋਂ ਨਾ ਸਿਰਫ਼ ਭਾਰੀ ਜੁਰਮਾਨਾ ਲਗਾਇਆ ਜਾਵੇਗਾ, ਸਗੋਂ ਪਲਾਟ ਦੀ ਸਫ਼ਾਈ ‘ਤੇ ਹੋਇਆ ਸਾਰਾ ਖ਼ਰਚਾ ਵੀ ਮਾਲਕਾਂ ਤੋਂ ਹੀ ਵਸੂਲਿਆ ਜਾਵੇਗਾ।

ਇਸ ਨਿਰਦੇਸ਼ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਵਿਭਾਗ ਵੱਲੋਂ ਖਾਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਕੇ ਗੰਦਗੀ ਵਾਲੇ ਖਾਲੀ ਪਲਾਟਾਂ ਦੀ ਨਿਸ਼ਾਨਦੇਹੀ ਕਰ ਰਹੀਆਂ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਗੱਲਬਾਤ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਸਥਾਨਕ ਕੌਂਸਲਰਾਂ ਅਤੇ ਸ਼ਹਿਰਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਸ-ਪਾਸ ਦੇ ਖਾਲੀ ਪਲਾਟਾਂ ਦੀ ਸਥਿਤੀ ਬਾਰੇ ਨਿਗਮ ਨੂੰ ਸੂਚਿਤ ਕਰਨ ਤਾਂ ਜੋ ਸਾਰੇ ਮਿਲ ਕੇ ਪਟਿਆਲਾ ਨੂੰ ਸਵੱਛ ਅਤੇ ਬਿਮਾਰੀ ਮੁਕਤ ਬਣਾ ਸਕੀਏ।

RELATED ARTICLES
- Advertisment -
Google search engine
Google search engine
Google search engine

Most Popular

Recent Comments