Homeਪਟਿਆਲਾ ਅਪਡੇਟਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਖੁੱਲ੍ਹੇ ਵਿੱਚ ਕੂੜਾ ਸਾੜਨ ‘ਤੇ ਰੋਕ ਲਈ...

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਖੁੱਲ੍ਹੇ ਵਿੱਚ ਕੂੜਾ ਸਾੜਨ ‘ਤੇ ਰੋਕ ਲਈ ਰਾਜ-ਵਿਆਪੀ ਮੁਹਿੰਮ ਦੀ ਸ਼ੁਰੂਆਤ

ਪਹਿਲਾ ਜਾਗਰੂਕਤਾ ਅਤੇ ਸਿਖਲਾਈ ਸੈਸ਼ਨ ਪਟਿਆਲਾ ਵਿੱਚ ਆਯੋਜਿਤ, ਪ੍ਰਦੂਸ਼ਣ ਦੀ ਰੋਕਥਾਮ ਲਈ ਚੁੱਕੇ ਸਖਤ ਕਦਮ


ਪਟਿਆਲਾ, 15 ਨਵੰਬਰ 2025 (ਛਤਰਪਾਲ ਸਿੰਘ): ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਰਾਜ ਭਰ ਵਿੱਚ ਖੁੱਲ੍ਹੇ ਵਿੱਚ ਕੂੜਾ ਸਾੜਨ ਦੇ ਅਮਲ ਨੂੰ ਰੋਕਣ ਲਈ ਇੱਕ ਵੱਡੇ ਪੱਧਰ ਦੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਰਾਜ-ਵਿਆਪੀ ਪਹਿਲਕਦਮੀ ਦੇ ਤਹਿਤ ਸਫ਼ਾਈ ਕਰਮਚਾਰੀਆਂ ਲਈ ਪਹਿਲਾ ਸਮਰੱਥਾ-ਨਿਰਮਾਣ ਸੈਸ਼ਨ ਅੱਜ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ।

ਪੀਪੀਸੀਬੀ ਨੇ ਸਫ਼ਾਈ ਕਰਮਚਾਰੀਆਂ ਦੀ ਭੂਮਿਕਾ ਨੂੰ ਵਾਤਾਵਰਣ ਪ੍ਰਬੰਧਨ ਦਾ ਮੁੱਖ ਅੱਧਾਰ ਦੱਸਦਿਆਂ ਕਿਹਾ ਕਿ ਵਿਗਿਆਨਕ ਢੰਗ ਨਾਲ ਕੂੜੇ ਦੀ ਵੱਖਰੀਕਰਨ, ਨਿਪਟਾਰਾ ਅਤੇ ਟਿਕਾਊ ਪ੍ਰਬੰਧਨ ਲਈ ਸਿਖਲਾਈ ਪ੍ਰੋਗਰਾਮ ਜ਼ਮੀਨੀ ਪੱਧਰ ‘ਤੇ ਵੱਡਾ ਪਰਿਵਰਤਨ ਲਿਆ ਸਕਦੇ ਹਨ। ਬੋਰਡ ਨੇ ਚੇਤਾਵਨੀ ਦਿੱਤੀ ਕਿ ਸੁੱਕੇ ਪੱਤੇ, ਬਾਗਬਾਨੀ ਰਹਿੰਦ-ਖੂੰਹਦ ਅਤੇ ਮਿਸ਼ਰਤ ਕੂੜੇ ਨੂੰ ਸਾੜਨਾ ਹਵਾ ਵਿੱਚ ਪੀਐਮ2.5, ਕਾਰਬਨ ਮੋਨੋਆਕਸਾਈਡ ਅਤੇ ਹੋਰ ਜ਼ਹਿਰੀਲੀ ਗੈਸਾਂ ਪੈਦਾ ਕਰਦਾ ਹੈ, ਜਿਸ ਨਾਲ ਬੱਚਿਆਂ, ਬਜ਼ੁਰਗਾਂ ਅਤੇ ਸਾਹ ਸਬੰਧੀ ਬਿਮਾਰੀਆਂ ਵਾਲੇ ਲੋਕਾਂ ਦੀ ਸਿਹਤ ਨੂੰ ਗੰਭੀਰ ਖਤਰੇ ਪੈਦਾ ਹੁੰਦੇ ਹਨ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ, ਪੰਜਾਬ ਦੀ ਸਾਫ਼ ਹਵਾ ਅਤੇ ਸਿਹਤਮੰਦ ਭਵਿੱਖ ਲਈ ਅਸੀਂ ਜ਼ਮੀਨੀ ਪੱਧਰ ‘ਤੇ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹਾਂ।” ਸੈਸ਼ਨ ਵਿੱਚ ਖੁੱਲ੍ਹੇ ਵਿੱਚ ਕੂੜਾ ਸਾੜਨ ਤੋਂ ਬਚਾਅ, ਬਾਗਬਾਨੀ ਕੂੜੇ ਦੀ ਖਾਦ ਬਣਾਉਣ, ਮਲਚਿੰਗ, ਘਰ-ਘਰ ਕੂੜੇ ਦੀ ਵੱਖਰੀਕਰਨ ਅਤੇ ਰੀਸਾਈਕਲਿੰਗ ਵਰਗੇ ਵਿਗਿਆਨਕ ਅਭਿਆਸਾਂ ‘ਤੇ ਖ਼ਾਸ ਧਿਆਨ ਦਿੱਤਾ ਗਿਆ।

                                                                          ਪ੍ਰੋਗਰਾਮ ਵਿਚ ਸ਼ਾਮਲ ਹਾਜ਼ਰੀਨ

ਸੈਸ਼ਨ ਦੌਰਾਨ ਮੋਟੀਵੇਸ਼ਨਲ ਸਪੀਕਰ ਪਰਮਜੀਤ ਸਿੰਘ ਅਗਰਵਾਲ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਸ਼ਹਿਰ ਦੇ ਸੁੰਦਰਤਾ ਪ੍ਰਬੰਧਨ ਵਿੱਚ ਉਹੀ ਮਹੱਤਵ ਰੱਖਦੇ ਹਨ, ਜੋ ਇੱਕ ਦੂਲਹਨ ਲਈ ਮੇਕਅਪ ਆਰਟਿਸਟ ਰੱਖਦਾ ਹੈ।” ਇਸ ਤੋਂ ਬਾਅਦ ਤਮਾਸ਼ਾ ਗਰੁੱਪ ਦੁਆਰਾ ਕੂੜਾ ਪ੍ਰਬੰਧਨ ਦੇ ਮੁੱਖ ਮੁੱਦਿਆਂ ‘ਤੇ ਆਧਾਰਿਤ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਨੇ ਸਾਰੇ ਹਾਜ਼ਰੀਨਾਂ ਨੂੰ ਪ੍ਰਭਾਵਿਤ ਕੀਤਾ।

                               ਤਮਾਸ਼ਾ ਗਰੁੱਪ ਦੁਆਰਾ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਦਾ ਦ੍ਰਿਸ਼

ਸਾਰੇ ਸਫ਼ਾਈ ਕਰਮਚਾਰੀਆਂ ਨੇ ਪਟਿਆਲਾ ਅਤੇ ਪੰਜਾਬ ਦੇ ਵਾਤਾਵਰਣ ਨੂੰ ਪ੍ਰਦੂਸ਼ਣ-ਮੁਕਤ ਬਣਾਉਣ ਦੇ ਮਿਸ਼ਨ ਦਾ ਸਮਰਥਨ ਕਰਨ ਦਾ ਸੰਕਲਪ ਲਿਆ।

ਪੀਪੀਸੀਬੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਹਿੰਮ ਰਾਜ ਦੇ ਸਾਰੇ ਨਗਰ ਨਿਗਮਾਂ, ਕਸਬਿਆਂ ਅਤੇ ਪਿੰਡਾਂ ਵਿੱਚ ਵਿਸਤਾਰਿਤ ਸਿਖਲਾਈ ਸੈਸ਼ਨਾਂ ਦੀ ਲੜੀ ਦੀ ਸ਼ੁਰੂਆਤ ਹੈ। ਬੋਰਡ ਨੇ ਯੂਐਲਬੀ, ਆਰਡਬਲਯੂਏ, ਐਨਜੀਓ ਅਤੇ ਸਿਵਲ ਸਮਾਜ ਨਾਲ ਮਿਲ ਕੇ ਕੂੜੇ ਦੇ ਟਿਕਾਊ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਲਈ ਸਾਂਝੀ ਯੋਜਨਾ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੁੱਖ ਉਦੇਸ਼ ਸਥਾਨਕ ਪੱਧਰ ‘ਤੇ ਜਾਗਰੂਕਤਾ ਅਤੇ ਕਾਰਵਾਈ ਰਾਹੀਂ ਹਵਾ ਗੁਣਵੱਤਾ ਵਿੱਚ ਸੁਧਾਰ ਕਰਨਾ ਅਤੇ ਸੂਬੇ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ-ਰਹਿਤ ਬਣਾਉਣਾ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments