Home ਪਟਿਆਲਾ ਅਪਡੇਟ ਪਟਿਆਲਾ: ਸਰਕਾਰੀ ਮਹਿੰਦਰਾ ਕਾਲਜ ‘ਚ ਗੁਰੂ ਤੇਗ਼ ਬਹਾਦੁਰ ਜੀ ਦੇ 350ਵੇਂ ਸ਼ਹੀਦੀ...

ਪਟਿਆਲਾ: ਸਰਕਾਰੀ ਮਹਿੰਦਰਾ ਕਾਲਜ ‘ਚ ਗੁਰੂ ਤੇਗ਼ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਮੌਕੇ ਵਿਸ਼ੇਸ਼ ਲੈਕਚਰ ਦਾ ਆਯੋਜਨ

0

ਪਟਿਆਲਾ, 16 ਨਵੰਬਰ (ਜਗਜੀਤ ਸਿੰਘ): ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ 150 ਸਾਲਾਂ ਸਫ਼ਰ-ਏ-ਫ਼ਖ਼ਰ ਸਮਾਰੋਹਮਈ ਪ੍ਰੋਗਰਾਮਾਂ ਦੀ ਲੜੀ ਤਹਿਤ, ਪੰਜਾਬ ਸਰਕਾਰ ਅਤੇ ਉੱਚ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ, ਕਾਲਜ ਦੇ ਸਭਾ ਭਵਨ ਵਿੱਚ ਅੱਜ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।

ਇਸ ਸਮਾਗਮ ਦੀ ਅਗਵਾਈ ਕਾਲਜ ਦੀ ਪ੍ਰਿੰਸੀਪਲ ਡਾ. ਨਿਸ਼ਠਾ ਤ੍ਰਿਪਾਠੀ ਨੇ ਕੀਤੀ। ਪ੍ਰੋਗਰਾਮ ਦਾ ਆਯੋਜਨ ਇਤਿਹਾਸ ਵਿਭਾਗ ਵੱਲੋਂ “ਗੁਰੂ ਪਰੰਪਰਾ ਅਤੇ ਸ਼ਹਾਦਤ” ਵਿਸ਼ੇ ‘ਤੇ ਕੀਤਾ ਗਿਆ ਸੀ, ਜਿਸ ਵਿੱਚ ਮੁੱਖ ਬੁਲਾਰੇ ਵਜੋਂ ਪ੍ਰਸਿੱਧ ਇਤਿਹਾਸਕਾਰ ਡਾ. ਹਰਪਾਲ ਸਿੰਘ ਪੰਨੂ ਨੇ ਸ਼ਮੂਲੀਅਤ ਕੀਤੀ।

ਮੰਚ ਦਾ ਸੁਚਾਰੂ ਸੰਚਾਲਨ ਕਰਦਿਆਂ ਇਤਿਹਾਸ ਵਿਭਾਗ ਦੇ ਮੁਖੀ ਡਾ. ਪੁਨੀਤ ਨੇ ਡਾ. ਪੰਨੂ ਜੀ ਦੀਆਂ ਅਕਾਦਮਿਕ ਉਪਲਬਧੀਆਂ ਅਤੇ ਸਿੱਖਿਆਕ ਸਫ਼ਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਡਾ. ਪੰਨੂ ਨੇ ਆਪਣੇ ਜੀਵਨ ਦੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਅਤੇ ਫਿਰ ਗੁਰੂ ਪਰੰਪਰਾ, ਸਿੱਖ ਇਤਿਹਾਸ, ਧਾਰਮਿਕ ਗ੍ਰੰਥਾਂ ਅਤੇ ਸ਼ਹਾਦਤ ਦੇ ਅਸਲ ਮਾਇਨੇਆਂ ਬਾਰੇ ਗਹਿਰਾਈ ਨਾਲ ਚਰਚਾ ਕੀਤੀ।

ਉਨ੍ਹਾਂ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ ਬਾਲ ਅਵਸਥਾ ਤੋਂ ਲੈ ਕੇ ਸ਼ਹੀਦੀ ਤੱਕ ਦੇ ਅਦੁੱਤੀ ਜੀਵਨ-ਸਫ਼ਰ ਨੂੰ ਰੂਬਰੂ ਕਰਵਾਇਆ, ਜਿਸ ਨਾਲ ਹਾਜ਼ਰ ਦਰਸ਼ਕ ਵਿਦਿਆਰਥੀ ਅਤੇ ਸਟਾਫ਼ ਗਹਿਰੇ ਤੌਰ ‘ਤੇ ਪ੍ਰਭਾਵਿਤ ਹੋਏ।

ਇਸ ਸਮਾਗਮ ਵਿੱਚ ਕਾਲਜ ਕੌਂਸਲ ਮੈਂਬਰ ਪ੍ਰੋ. ਲਵਲੀਨ ਪਰਮਾਰ, ਡਾ. ਅੰਮ੍ਰਿਤ ਸਮਰਾ, ਇਤਿਹਾਸ ਵਿਭਾਗ ਦੇ ਸਮੂਹ ਪ੍ਰੋਫੈਸਰ ਅਤੇ ਹੋਰਨਾਂ ਵਿਭਾਗਾਂ ਤੋਂ ਅਧਿਆਪਕ ਮੌਜੂਦ ਸਨ। ਸਮਾਰੋਹ ਦੇ ਅੰਤ ‘ਤੇ ਇਤਿਹਾਸ ਵਿਭਾਗ ਦੀ ਪ੍ਰੋ. ਡਾ. ਕਿਰਨਜੀਤ ਕੌਰ ਨੇ ਸਮੂਹ ਆਏ ਮਹਿਮਾਨਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।

Exit mobile version