ਚੰਡੀਗੜ੍ਹ, 15 ਨਵੰਬਰ (ਚੌਧਰੀ ਪ੍ਰਭਜੀਤ ਸਿੰਘ) : ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਬੁੱਢਾ ਦਲ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਹੇਠ ਨਿਕਲੇ ਇਸ ਨਗਰ ਕੀਰਤਨ ਵਿੱਚ ਪੰਜਵੇਂ ਤਖ਼ਤ ਦੇ ਨੁਮਾਇੰਦਿਆਂ, ਵੱਖ-ਵੱਖ ਪੰਥਕ ਜਥੇਬੰਦੀਆਂ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਗ ਲਿਆ।

ਨਗਰ ਕੀਰਤਨ ਸ਼ਾਨ-ਓ-ਸ਼ੌਕਤ ਨਾਲ ਅਰੰਭ ਹੋਇਆ, ਜਿਸ ਵਿੱਚ ਨਿਹੰਗ ਸਿੰਘਾਂ ਦੀ ਸ਼ਸਤ੍ਰ ਪ੍ਰਦਰਸ਼ਨੀ, ਰਾਗੀ ਜਥਿਆਂ ਵੱਲੋਂ ਕੀਰਤਨ ਅਤੇ ਗੁਰੂ ਸਾਹਿਬ ਜੀ ਦੀ ਜੀਵਨ ਗਾਥਾ ਨਾਲ ਸਬੰਧਿਤ ਝਾਕੀਆਂ ਮੁੱਖ ਆਕਰਸ਼ਣ ਰਹੀਆਂ। ਸ਼ਹਿਰ ਦੇ ਮੁੱਖ ਮਾਰਗਾਂ ਰਾਹੀਂ ਗੁਜ਼ਰਦੇ ਇਸ ਨਗਰ ਕੀਰਤਨ ਦੌਰਾਨ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਪੰਥਕ ਆਗੂਆਂ ਨੇ ਕਿਹਾ ਕਿ ਇਹ ਨਗਰ ਕੀਰਤਨ ਗੁਰੂ ਤੇਗ ਬਹਾਦਰ ਜੀ ਦੀ ਅਸਿਮ ਕੁਰਬਾਨੀ ਅਤੇ ਮਨੁੱਖਤਾ ਲਈ ਉਨ੍ਹਾਂ ਦੇ ਅਦਵਿੱਤੀ ਸੰਦੇਸ਼ ਨੂੰ ਯਾਦ ਕਰਨ ਦਾ ਇੱਕ ਮਹੱਤਵਪੂਰਨ ਜਰੀਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਧਰਮ, ਮਨੁੱਖਤਾ ਅਤੇ ਆਜ਼ਾਦੀ ਦੀ ਰੱਖਿਆ ਦਾ ਅਦਵਿੱਤੀ ਪ੍ਰਤੀਕ ਹੈ, ਜਿਸ ਤੋਂ ਅੱਜ ਵੀ ਸਾਰਾ ਸੰਸਾਰ ਪ੍ਰੇਰਿਤ ਹੁੰਦਾ ਹੈ।
ਸਮੂਹ ਸੰਗਤ ਨੇ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦੇ ਹੋਏ ਗੁਰੂ ਸਾਹਿਬ ਜੀ ਦੇ ਪਵਿਤ੍ਰ ਬਚਨਾਂ ਅਨੁਸਾਰ ਚੱਲਣ ਦਾ ਅਹਿਦ ਕੀਤਾ।







