ਫ਼ਤਿਹਗੜ੍ਹ ਸਾਹਿਬ (ਜਤਿੰਦਰ ਗਰਗ): ਸਰਹਿੰਦ ਨੈਸ਼ਨਲ ਹਾਈਵੇ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਇਲਾਕੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਰਹਿੰਦ ਸੀਆਈਏ ਸਟਾਫ਼ ਦੇ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਕਾਰਨ ਦੋਵੇਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਿਸ ਮੁਤਾਬਕ, ਹਾਦਸਾ ਐਤਵਾਰ ਰਾਤ ਦੇ ਸਮੇਂ ਵਾਪਰਿਆ। ਟੱਕਰ ਇੰਨੀ ਤੇਜ਼ ਸੀ ਕਿ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਰਹਿੰਦ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮੌਕਾ ਮੁਆਇਨਾ ਕੀਤਾ।
ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਦੋਵੇਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਦੀ ਮੋਰਚਰੀ ਵਿੱਚ ਰੱਖੀਆਂ ਗਈਆਂ ਹਨ। ਪੁਲਿਸ ਵਲੋਂ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।







