ਪੜ੍ਹਾਕੂ ਡਾਕਟਰ ਤੋਂ ਕੱਟੜਪੰਥੀ ਤੱਕ — ਦਿੱਲੀ ਧਮਾਕੇ ਦੀ ਕਹਾਣੀ ਨੇ ਮਚਾਈ ਹੈਰਾਨੀ
ਨਵੀਂ ਦਿੱਲੀ (ਰਾਜੇਸ਼ ਕੁਮਾਰ):
ਰਾਜਧਾਨੀ ਦਿੱਲੀ ਵਿਚ ਹੋਏ ਧਮਾਕੇ ਦੇ ਮਾਮਲੇ ਨੇ ਨਵੇਂ ਮੋੜ ਫੜ ਲਏ ਹਨ। ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਧਮਾਕੇ ਵਿਚ ਵਰਤੀ ਗਈ ਆਈ-20 ਕਾਰ ਖੁਦ ਡਾ. ਉਮਰ ਉਨ ਨਬੀ ਚਲਾ ਰਿਹਾ ਸੀ। ਵਿਗਿਆਨਕ ਰਿਪੋਰਟਾਂ ਮੁਤਾਬਕ ਕਾਰ ਵਿੱਚੋਂ ਮਿਲੇ ਅਵਸ਼ੇਸ਼ਾਂ ਦਾ ਡੀ.ਐਨ.ਏ. ਸੈਂਪਲ ਉਸ ਦੀ ਮਾਂ ਅਤੇ ਭਰਾ ਨਾਲ 100% ਮੈਚ ਹੋ ਗਿਆ ਹੈ, ਜਿਸ ਨਾਲ ਇਹ ਪੁਸ਼ਟੀ ਹੋ ਗਈ ਹੈ ਕਿ ਉਮਰ ਹੀ ਇਸ ਵਿਸਫੋਟ ਦੇ ਪਿੱਛੇ ਸੀ।
ਸੂਤਰਾਂ ਅਨੁਸਾਰ ਧਮਾਕੇ ਤੋਂ ਬਾਅਦ ਕਾਰ ਵਿਚੋਂ ਹੱਡੀਆਂ, ਦੰਦਾਂ ਤੇ ਕੱਪੜਿਆਂ ਦੇ ਟੁਕੜਿਆਂ ਤੋਂ ਡੀ.ਐਨ.ਏ. ਟੈਸਟ ਕੀਤਾ ਗਿਆ ਸੀ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਉਮਰ ਤੁਰਕੀ ਦੇ ਅੰਕਾਰਾ ਵਿਚ ਬੈਠੇ ਆਪਣੇ ਹੈਂਡਲਰ “ਯੂਕਾਸਾ” ਨਾਲ ਲਗਾਤਾਰ ਸੰਪਰਕ ਵਿੱਚ ਸੀ।
ਪਰਿਵਾਰਕ ਸੂਤਰਾਂ ਅਨੁਸਾਰ ਉਮਰ ਦੀ ਜ਼ਿੰਦਗੀ ਰਹੱਸ ਨਾਲ ਘਿਰੀ ਹੋਈ ਸੀ। ਉਹ ਅਕਸਰ ਮਹੀਨਿਆਂ ਤੱਕ ਪਰਿਵਾਰ ਨਾਲ ਸੰਪਰਕ ਵਿਚ ਨਹੀਂ ਰਹਿੰਦਾ ਸੀ, ਫੋਨ ਬੰਦ ਰੱਖਦਾ ਅਤੇ ਵਾਰ-ਵਾਰ ਗਾਇਬ ਹੋ ਜਾਂਦਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪੜ੍ਹਾਕੂ ਅਤੇ ਸ਼ਾਂਤ ਸੁਭਾਉ ਵਾਲਾ ਨੌਜਵਾਨ ਸੀ, ਜਿਸ ਨੂੰ ਕ੍ਰਿਕਟ ਖੇਡਣ ਦਾ ਖਾਸ ਸ਼ੌਕ ਸੀ। ਉਹ ਬੱਚਿਆਂ ਨਾਲ ਖੇਡਦਾ ਅਤੇ ਹਮੇਸ਼ਾ ਖੁਸ਼ਮਿਜਾਜ਼ ਰਹਿੰਦਾ ਸੀ।
ਤੁਰਕੀ ਯਾਤਰਾ ਤੋਂ ਬਾਅਦ ਕੱਟੜਪੰਥੀ ਰੁਝਾਨ:
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਮਰ ਦੇ ਜੀਵਨ ਵਿੱਚ 2021 ਦੀ ਤੁਰਕੀ ਯਾਤਰਾ ਇਕ ਮੋੜ ਸਾਬਤ ਹੋਈ। ਉਸ ਸਮੇਂ ਉਹ ਜੰਮੂ-ਕਸ਼ਮੀਰ ਦੇ ਇਕ ਹੋਰ ਵਿਅਕਤੀ ਗਨਾਈ ਦੇ ਨਾਲ ਤੁਰਕੀ ਗਿਆ ਸੀ, ਜਿੱਥੇ ਦੋਵੇਂ ਨੇ ਪਾਬੰਦੀਸ਼ੁਦਾ ਜੈਸ਼ ਦੇ ਕੁਝ ਮੈਂਬਰਾਂ ਨਾਲ ਸੰਪਰਕ ਕੀਤਾ। ਵਾਪਸੀ ਤੋਂ ਬਾਅਦ ਉਮਰ ਨੇ ਵਿਸਫੋਟਕ ਤੱਤਾਂ — ਅਮੋਨੀਅਮ ਨਾਈਟ੍ਰੇਟ, ਪੋਟਾਸ਼ੀਅਮ ਨਾਈਟ੍ਰੇਟ ਅਤੇ ਸਲਫਰ — ਇਕੱਠੇ ਕਰਣ ਸ਼ੁਰੂ ਕਰ ਦਿੱਤੇ ਅਤੇ ਉਨ੍ਹਾਂ ਨੂੰ ਅਲ ਫਲਾਹ ਕੈਂਪਸ ਦੇ ਆਲੇ-ਦੁਆਲੇ ਸਟੋਰ ਕੀਤਾ।
ਧਮਾਕੇ ਤੋਂ ਥੋੜ੍ਹਾ ਪਹਿਲਾਂ ਉਮਰ ਨੂੰ ਕਮਲਾ ਮਾਰਕੀਟ ਇਲਾਕੇ ਦੀ ਇਕ ਮਸਜਿਦ ਵਿੱਚ ਵੀ ਦੇਖਿਆ ਗਿਆ ਸੀ, ਜਦਕਿ ਉਹ ਇਸ ਤੋਂ ਪਹਿਲਾਂ ਤਿੰਨ ਘੰਟੇ ਲਈ ਲਾਲ ਕਿਲ੍ਹੇ ਦੀ ਪਾਰਕਿੰਗ ਵਿੱਚ ਰੁਕਿਆ ਰਿਹਾ। ਜਾਂਚ ਏਜੰਸੀਆਂ ਹੁਣ ਉਸਦੇ ਇਸ ਪੂਰੇ ਸਮੇਂ ਦੇ ਰਿਕਾਰਡ ਦੀ ਛਾਨਬੀਨ ਕਰ ਰਹੀਆਂ ਹਨ।
ਯਾਦ ਰਹੇ ਕਿ ਇਸ ਧਮਾਕੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਮਾਮਲੇ ਦੀ ਜਾਂਚ ਕੇਂਦਰੀ ਏਜੰਸੀਆਂ ਨੂੰ ਸੌਂਪੀ ਗਈ ਹੈ, ਜੋ ਹੁਣ ਉਮਰ ਦੇ ਤੁਰਕੀ ਕਨੈਕਸ਼ਨ ਤੇ ਆਨਲਾਈਨ ਹੈਂਡਲਰਾਂ ਦੀ ਪੂਰੀ ਚੇਨ ਖੋਜ ਰਹੀਆਂ ਹਨ।
