ਪੀਸੀਬੀ ਚੇਅਰਮੈਨ ਮੋਹਸਿਨ ਨਕਵੀ ਨੇ ਟੀਮ ਨੂੰ ਦਿੱਤਾ ਪੂਰਾ ਭਰੋਸਾ — ਫੌਜ ਅਤੇ ਰੇਂਜਰਾਂ ਦੀ ਤਾਇਨਾਤੀ
ਇਸਲਾਮਾਬਾਦ, 12 ਨਵੰਬਰ (ਛਤਰਪਾਲ ਸਿੰਘ) : ਪਾਕਿਸਤਾਨ ਵਿੱਚ ਹਾਲੀਆ ਅੱਤਵਾਦੀ ਹਮਲੇ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ ਟੀਮ ਦੀ ਸੁਰੱਖਿਆ ਪ੍ਰਬੰਧ ਹੋਰ ਕੜੇ ਕਰ ਦਿੱਤੇ ਗਏ ਹਨ। ਸੂਤਰਾਂ ਦੇ ਮੁਤਾਬਕ, ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਅਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਸ਼੍ਰੀਲੰਕਾ ਟੀਮ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਪੂਰੀ ਸੁਰੱਖਿਆ ਦਾ ਭਰੋਸਾ ਦਿੱਤਾ ਹੈ।
ਪਾਕਿਸਤਾਨ ਨੇ ਇਸ ਮੌਕੇ ਇੱਕ ਵਾਰ ਫਿਰ ਅਸਿੱਧੇ ਤੌਰ ‘ਤੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ‘ਤੇ ਦੋਸ਼ ਲਗਾਇਆ ਹੈ ਕਿ ਉਹ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੂੰ ਆਪਣੀ ਧਰਤੀ ਵਰਤਣ ਦੇ ਰਹੀ ਹੈ ਤਾਂ ਜੋ ਪਾਕਿਸਤਾਨ ਵਿੱਚ ਅੱਤਵਾਦੀ ਹਮਲੇ ਕੀਤੇ ਜਾ ਸਕਣ।
ਇਸਲਾਮਾਬਾਦ ਹਮਲੇ ਨੇ ਵਧਾਈ ਚਿੰਤਾ
ਮੰਗਲਵਾਰ ਨੂੰ ਇਸਲਾਮਾਬਾਦ ਦੇ ਇੱਕ ਨਿਆਂਇਕ ਕੰਪਲੈਕਸ ਦੇ ਬਾਹਰ ਆਤਮਘਾਤੀ ਧਮਾਕੇ ਵਿੱਚ 12 ਲੋਕ ਮਾਰੇ ਗਏ ਅਤੇ ਕਈ ਜ਼ਖਮੀ ਹੋਏ। ਇਸ ਦੇ ਨਾਲ ਹੀ, ਸੁਰੱਖਿਆ ਬਲਾਂ ਨੇ ਉੱਤਰੀ ਵਾਨਾ ਖੇਤਰ ਵਿੱਚ ਵਾਨਾ ਕੈਡੇਟ ਕਾਲਜ ‘ਤੇ ਅੱਤਵਾਦੀ ਹਮਲੇ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਸੁਰੱਖਿਆ ਬਲਾਂ ਦੀ ਤੁਰੰਤ ਕਾਰਵਾਈ ਨਾਲ ਲਗਭਗ 300 ਵਿਦਿਆਰਥੀਆਂ ਦੀ ਜ਼ਿੰਦਗੀ ਬਚ ਗਈ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾ ਤਰਾਰ ਨੇ ਕਿਹਾ ਕਿ ਜੇ ਸਮੇਂ ‘ਤੇ ਕਾਰਵਾਈ ਨਾ ਹੁੰਦੀ ਤਾਂ 2018 ਦੇ ਪੇਸ਼ਾਵਰ ਸਕੂਲ ਹਮਲੇ ਵਰਗੀ ਵੱਡੀ ਤਰਾਸਦੀ ਹੋ ਸਕਦੀ ਸੀ।
ਪਿਛਲੇ ਹਮਲੇ ਦੀਆਂ ਯਾਦਾਂ ਤਾਜ਼ਾ ਹੋਈਆਂ
2009 ਵਿੱਚ ਲਾਹੌਰ ਦੇ ਗੱਦਾਫੀ ਸਟੇਡੀਅਮ ਨੇੜੇ ਸ਼੍ਰੀਲੰਕਾ ਕ੍ਰਿਕਟ ਟੀਮ ਦੀ ਬੱਸ ‘ਤੇ ਟੀਟੀਪੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਲਗਭਗ ਦਹਾਕੇ ਤੱਕ ਪਾਕਿਸਤਾਨ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲੇ ਨਹੀਂ ਹੋ ਸਕੇ ਸਨ। ਇਸ ਤੋਂ ਬਾਅਦ ਵੀ ਕਈ ਵਿਦੇਸ਼ੀ ਟੀਮਾਂ ਨੇ ਸੁਰੱਖਿਆ ਸੰਬੰਧੀ ਚਿੰਤਾਵਾਂ ਕਾਰਨ ਪਾਕਿਸਤਾਨ ਦਾ ਦੌਰਾ ਰੱਦ ਕੀਤਾ ਸੀ।
ਸ਼੍ਰੀਲੰਕਾ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ
ਸੁਰੱਖਿਆ ਏਜੰਸੀਆਂ ਨੇ ਸ਼੍ਰੀਲੰਕਾ ਦੀ ਟੀਮ ਲਈ ਵਿਸ਼ੇਸ਼ ਪ੍ਰੋਟੋਕੋਲ ਤਹਿਤ ਸੁਰੱਖਿਆ ਵਧਾ ਦਿੱਤੀ ਹੈ। ਪਾਕਿਸਤਾਨ ਫੌਜ ਅਤੇ ਅਰਧ ਸੈਨਿਕ ਰੇਂਜਰਾਂ ਨੂੰ ਮਹਿਮਾਨ ਖਿਡਾਰੀਆਂ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਹੈ। ਪੀਸੀਬੀ ਚੇਅਰਮੈਨ ਨਕਵੀ ਨੇ ਖੁਦ ਸਟੇਡੀਅਮ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਸ਼੍ਰੀਲੰਕਾ ਟੀਮ ਇਸ ਸਮੇਂ ਰਾਵਲਪਿੰਡੀ ਵਿੱਚ ਤਿੰਨ ਵਨਡੇ ਮੈਚ ਖੇਡ ਰਹੀ ਹੈ ਅਤੇ 17 ਤੋਂ 29 ਨਵੰਬਰ ਤੱਕ ਜ਼ਿੰਬਾਬਵੇ ਨਾਲ ਮਿਲ ਕੇ ਟੀ-20 ਤਿਕੋਣੀ ਲੜੀ ਵਿੱਚ ਹਿੱਸਾ ਲਵੇਗੀ।
ਸੁਰੱਖਿਆ ਏਜੰਸੀਆਂ ਲਈ ਵੱਡੀ ਚੁਣੌਤੀ
ਵਿਸ਼ਲੇਸ਼ਕਾਂ ਦੇ ਮੁਤਾਬਕ, ਹਾਲੀਆ ਹਮਲਿਆਂ ਨੇ ਪਾਕਿਸਤਾਨ ਸਰਕਾਰ ਅੱਗੇ ਵੱਡੀ ਚੁਣੌਤੀ ਖੜੀ ਕਰ ਦਿੱਤੀ ਹੈ ਕਿ ਉਹ ਖੇਡਾਂ ਅਤੇ ਵਿਦੇਸ਼ੀ ਟੀਮਾਂ ਦੀ ਸੁਰੱਖਿਆ ਸੁਨਿਸ਼ਚਿਤ ਕਿਵੇਂ ਕਰੇ।








