ਸਮਾਣਾ, 12 ਨਵੰਬਰ (ਛਤਰਪਾਲ ਸਿੰਘ) : ਗੁਰਦੁਆਰਾ ਥੜਾ ਸਾਹਿਬ, ਪਾ ਨੌਵੀਂ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਸਮਾਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਬੜੇ ਆਦਰ, ਸ਼ਰਧਾ ਅਤੇ ਰੂਹਾਨੀ ਉਤਸ਼ਾਹ ਨਾਲ ਮਨਾਈ ਗਈ। ਤਿੰਨ ਦਿਨ ਤਕ ਚਲੇ ਸਮਾਗਮ ਦੌਰਾਨ ਨਾਮਵਰ ਰਾਗੀ ਜਥਿਆਂ ਨੇ ਮਨਮੋਹਕ ਗੁਰਬਾਣੀ ਕੀਰਤਨ ਕੀਤਾ ਤੇ ਢਾਡੀ ਜਥਿਆਂ ਨੇ ਗੁਰ ਇਤਿਹਾਸ ਰਾਹੀਂ ਸੰਗਤ ਨੂੰ ਪ੍ਰੇਰਿਤ ਕੀਤਾ।
ਸਮਾਗਮ ਦੀ ਸੰਪੂਰਨਤਾ ਸਮੇਂ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਨੁੱਖਤਾ ਦੀ ਆਜ਼ਾਦੀ, ਧਰਮਕ ਸਹਿਜੋਗ ਅਤੇ ਵਿਸ਼ਵਾਸ ਦੀ ਸੁਤੰਤਰਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਸ਼ਹੀਦੀ ਸ਼ਤਾਬਦੀ ਸਮਾਗਮ 23 ਤੋਂ 25 ਨਵੰਬਰ ਤੱਕ ਗੁਰੂ ਕਾ ਬਾਗ ਛਾਉਣੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਮਰਿਆਦਾ ਅਨੁਸਾਰ ਆਯੋਜਿਤ ਕੀਤੇ ਜਾਣਗੇ।
23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਅਰੰਭ ਹੋਣਗੇ, ਜਿਨ੍ਹਾਂ ਦੇ ਭੋਗ 25 ਨਵੰਬਰ ਨੂੰ ਪਏ ਜਾਣਗੇ। ਇਸੇ ਦਿਨ ਛਾਉਣੀ ਵਿਖੇ ਸਰਬ ਧਰਮ ਸੰਮੇਲਨ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ।
ਇਸ ਮੌਕੇ ਹਲਕਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸਾਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਇਹ ਸਿਖਾਉਂਦੀ ਹੈ ਕਿ ਸੱਚ ਤੇ ਧਰਮ ਦੀ ਰੱਖਿਆ ਲਈ ਜਾਨ ਵੀ ਨਿਓਛਾਵਰ ਕਰਨੀ ਪੈਂਦੀ ਹੈ।
ਸਮਾਗਮ ਦੌਰਾਨ ਭਾਈ ਜਸਬੀਰ ਸਿੰਘ ਖਾਲਸਾ ਜਥਾ ਸ੍ਰੀ ਹਰਿਮੰਦਰ ਸਾਹਿਬ, ਸੰਤ ਮਨਮੋਹਨ ਸਿੰਘ ਬਾਰਨ ਵਾਲੇ, ਭਾਈ ਰਣਜੋਧ ਸਿੰਘ ਫਤਿਹਪੁਰ ਵਾਲੇ, ਬਾਬਾ ਹਰੀ ਸਿੰਘ ਰੰਧਾਵਾ, ਗਿਆਨੀ ਸੁਖਜੀਤ ਸਿੰਘ ਕਨੱਈਆ ਸਿੰਘ ਅਤੇ ਭਾਈ ਅਮਨਬੀਰ ਸਿੰਘ ਕਵੀਸ਼ਰੀ ਜਥਾ ਹਰੀਆ ਬੋਲਾ ਨੇ ਗੁਰਮਤਿ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਬਾਬਾ ਵਿਸ਼ਵਪ੍ਰਤਾਪ ਸਿੰਘ ਵੱਲੋਂ ਸਮਾਗਮ ਵਿੱਚ ਸਹਿਯੋਗ ਦੇਣ ਵਾਲੀਆਂ ਧਾਰਮਿਕ ਸਭਾਵਾਂ ਤੇ ਸੁਸਾਇਟੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਬਾਬਾ ਜੱਸਾ ਸਿੰਘ, ਬਾਬਾ ਰਣਜੋਧ ਸਿੰਘ, ਬਾਬਾ ਗੁਰਸ਼ੇਰ ਸਿੰਘ, ਬਾਬਾ ਪਰਮਜੀਤ ਸਿੰਘ ਤੇ ਬਾਬਾ ਗੁਰਮੁਖ ਸਿੰਘ ਸਮੇਤ ਅਨੇਕ ਸਿੰਘ ਸੰਗਤਾਂ ਨੇ ਹਾਜ਼ਰੀ ਭਰੀ।
ਇਹ ਸ਼ਹੀਦੀ ਸਮਾਗਮ ਰੂਹਾਨੀ ਉਤਸ਼ਾਹ ਨਾਲ ਭਰਪੂਰ ਸੀ, ਜਿਸ ਵਿੱਚ ਸੰਗਤਾਂ ਨੇ ਸ਼ਰਧਾ ਨਾਲ ਅਰਦਾਸਾਂ ਕੀਤੀਆਂ ਤੇ ਗੁਰੂ ਸਾਹਿਬ ਦੇ ਬਲੀਦਾਨ ਤੋਂ ਪ੍ਰੇਰਣਾ ਪ੍ਰਾਪਤ ਕੀਤੀ।








