18 ਨਵੰਬਰ ਨੂੰ ਕੀਰਤਨ ਦਰਬਾਰ ਤੇ 21 ਨਵੰਬਰ ਨੂੰ ਪਟਿਆਲਾ ਪੁੱਜੇਗਾ ਨਗਰ ਕੀਰਤਨ
ਪਟਿਆਲਾ, 11 ਨਵੰਬਰ : (ਜਗਜੀਤ ਸਿੰਘ) ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਤਿਆਰੀ ਪਟਿਆਲਾ ਵਿੱਚ ਜੋਰਾਂ ‘ਤੇ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ 18 ਨਵੰਬਰ ਨੂੰ ਮਹਾਨ ਕੀਰਤਨ ਦਰਬਾਰ ਤੇ 21 ਨਵੰਬਰ ਨੂੰ ਸ੍ਰੀ ਦਮਦਮਾ ਸਾਹਿਬ ਤੋਂ ਆਉਣ ਵਾਲੇ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।
ਡਾ. ਯਾਦਵ ਨੇ ਕਿਹਾ ਕਿ ਜ਼ਿਲ੍ਹੇ ਦੇ 36 ਚਰਨ ਛੋਹ ਅਸਥਾਨਾਂ ਵਿੱਚੋਂ ਕਰੀਬ 30 ਥਾਵਾਂ ’ਤੇ ਸੰਗਤ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਜਾਰੀ ਹਨ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ, ਬੀੜ ਬਹਾਦਰਗੜ੍ਹ, ਮਹਿਮੂਦਪੁਰ ਜੱਟਾਂ, ਸੀਲ, ਹਰਪਾਲਪੁਰ, ਬੁਧਮੋਰ, ਥੂਹੀ, ਸਮਾਣਾ, ਗੁਣੀਕੇ, ਲੰਗ, ਢਕਾਨਕਸੂ ਕਲਾਂ, ਅਗੌਲ, ਕੋਟਲੀ ਤੇ ਦੋਦੜਾ ਆਦਿ ਥਾਵਾਂ ’ਤੇ ਸਮਾਗਮ ਹੋ ਚੁੱਕੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ 12 ਨਵੰਬਰ ਨੂੰ ਗੁਰਦੁਆਰਾ ਮਗਰ ਸਾਹਿਬ, 13 ਨਵੰਬਰ ਨੂੰ ਗੁਰਦੁਆਰਾ ਮਹਿੰਦਰਗੰਜ, 15 ਨਵੰਬਰ ਨੂੰ ਗੁਰਦੁਆਰਾ ਧੰਗੇੜਾ ਸਾਹਿਬ ਤੇ ਬਹਿਰਜੱਛ, 16 ਨਵੰਬਰ ਨੂੰ ਰੋਹਟਾ ਸਾਹਿਬ, ਕਰਹਾਲੀ ਸਾਹਿਬ, ਸਿੰਬੜੋ, ਬੀਬੀਪੁਰ ਖੁਰਦ ਅਤੇ 18 ਨਵੰਬਰ ਨੂੰ ਨਨਹੇੜਾ, ਉਗਾਣੀ ਤੇ ਰੀਠਖੇੜੀ ਵਿਖੇ ਸਮਾਗਮ ਹੋਣਗੇ। ਉਨ੍ਹਾਂ ਨੇ ਸੰਗਤ ਨੂੰ ਇਨ੍ਹਾਂ ਸਮਾਗਮਾਂ ’ਚ ਸ਼ਰਧਾ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਗੁਰੂ ਸਾਹਿਬ ਦੀ ਸ਼ਹਾਦਤ ਅਤੇ ਉਨ੍ਹਾਂ ਦੇ ਸਿਧਾਂਤਾਂ ਨੂੰ ਸਮੁੱਚੀ ਮਨੁੱਖਤਾ ਤੱਕ ਪਹੁੰਚਾਉਣ ਲਈ ਸ਼ਰਧਾ ਨਾਲ ਯਤਨਸ਼ੀਲ ਹੈ।
ਮੀਟਿੰਗ ਦੌਰਾਨ ਡਾ. ਯਾਦਵ ਨੇ ਸਫ਼ਾਈ, ਸੜਕਾਂ ਦੀ ਮੁਰੰਮਤ, ਰੌਸ਼ਨੀ ਤੇ ਸਜਾਵਟ ਆਦਿ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਪੂਰੀ ਤਿਆਰੀ ਸੁਨਿਸ਼ਚਿਤ ਕਰਨ ਲਈ ਹਦਾਇਤ ਕੀਤੀ।
ਇਸ ਮੌਕੇ ਏ.ਡੀ.ਸੀ. ਦਮਨਜੀਤ ਸਿੰਘ ਮਾਨ, ਨਵਰੀਤ ਕੌਰ ਸੇਖੋਂ, ਸਿਮਰਪ੍ਰੀਤ ਕੌਰ, ਐਸ.ਪੀ. ਵੈਭਵ ਚੌਧਰੀ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਕਿਰਪਾਲਵੀਰ ਸਿੰਘ, ਹਰਜੋਤ ਕੌਰ, ਰਿਚਾ ਗੋਇਲ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਫੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਪਟਿਆਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਸਬੰਧੀ ਪ੍ਰੋਗਰਾਮਾਂ ਦਾ ਜਾਇਜ਼ਾ ਲੈਂਦਿਆਂ ਆਨਲਾਈਨ ਮੀਟਿੰਗ ਕਰਦੇ ਹੋਏ।
