ਫਰੀਦਾਬਾਦ (ਜਗਦੇਵ ਰੰਚਨਾਂ) : ਫਰੀਦਾਬਾਦ ਤੋਂ ਵੱਡੀ ਸੁਰੱਖਿਆ ਸੰਬੰਧੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਜੰਮੂ-ਕਸ਼ਮੀਰ ਪੁਲਿਸ ਨੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਫਰੀਦਾਬਾਦ ਵਿੱਚ ਛਾਪਾ ਮਾਰ ਕੇ ਇੱਕ ਕਸ਼ਮੀਰੀ ਡਾਕਟਰ ਆਦਿਲ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸਦੇ ਕਮਰੇ ਤੋਂ 300 ਕਿਲੋਗ੍ਰਾਮ ਆਰ.ਡੀ.ਐਕਸ., ਇੱਕ ਏ.ਕੇ-47 ਰਾਈਫਲ ਅਤੇ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਬਰਾਮਦ ਕੀਤਾ ਹੈ।
ਜਾਣਕਾਰੀ ਅਨੁਸਾਰ, ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ 27 ਅਕਤੂਬਰ ਨੂੰ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਪੋਸਟਰ ਲਗਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਡਾ. ਆਦਿਲ ਨੂੰ ਪੋਸਟਰ ਚਿਪਕਾਉਂਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਉਸਨੂੰ 6 ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਡਾ. ਆਦਿਲ ਅਹਿਮਦ, ਜੋ ਦੱਖਣੀ ਕਸ਼ਮੀਰ ਦੇ ਕਾਜ਼ੀਗੁੰਡ ਦਾ ਰਹਿਣ ਵਾਲਾ ਹੈ, ਸਹਾਰਨਪੁਰ ਦੇ ਅੰਬਾਲਾ ਰੋਡ ‘ਤੇ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਕੰਮ ਕਰ ਰਿਹਾ ਸੀ। ਉਸ ਤੋਂ ਪਹਿਲਾਂ ਉਹ ਜੀ.ਐਮ.ਸੀ. ਅਨੰਤਨਾਗ ਵਿੱਚ ਸੀਨੀਅਰ ਰੈਜ਼ੀਡੈਂਟ ਰਿਹਾ ਸੀ। ਪੁਲਿਸ ਨੇ ਅਨੰਤਨਾਗ ਵਿਖੇ ਉਸਦੇ ਲਾਕਰ ਤੋਂ ਵੀ ਇੱਕ ਏ.ਕੇ-47 ਰਾਈਫਲ ਬਰਾਮਦ ਕੀਤੀ।
ਇਸ ਮਾਮਲੇ ਵਿੱਚ ਇਕ ਹੋਰ ਡਾਕਟਰ ਮੁਜ਼ਮਿਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਫਰੀਦਾਬਾਦ ਵਿੱਚ ਡਾ. ਮੁਫਾਜ਼ਿਲ ਸ਼ਕੀਲ ਦੇ ਕਿਰਾਏ ਦੇ ਘਰ ‘ਤੇ ਛਾਪਾ ਮਾਰਿਆ ਗਿਆ, ਜਿੱਥੋਂ ਪੁਲਿਸ ਨੇ 350 ਕਿਲੋਗ੍ਰਾਮ ਵਿਸਫੋਟਕ ਤੇ ਦੋ ਏ.ਕੇ-47 ਰਾਈਫਲਾਂ ਬਰਾਮਦ ਕੀਤੀਆਂ। ਹਾਲਾਂਕਿ ਡਾ. ਮੁਫਾਜ਼ਿਲ ਅਜੇ ਫਰਾਰ ਦੱਸਿਆ ਜਾ ਰਿਹਾ ਹੈ।
ਪੁਲਿਸ ਅਨੁਸਾਰ, ਇਹ ਗਿਰੋਹ ਦੇਸ਼ ਵਿੱਚ ਵੱਡੇ ਪੱਧਰ ‘ਤੇ ਧਮਾਕੇ ਕਰਨ ਦੀ ਯੋਜਨਾ ‘ਚ ਸੀ। ਸੁਰੱਖਿਆ ਏਜੰਸੀਆਂ ਨੇ ਹੁਣ ਫਰੀਦਾਬਾਦ, ਸਹਾਰਨਪੁਰ ਅਤੇ ਅਨੰਤਨਾਗ ਵਿੱਚ ਤਲਾਸ਼ੀ ਅਭਿਆਨ ਤੇਜ਼ ਕਰ ਦਿੱਤਾ ਹੈ।







