ਖਰੜ, (ਜਗਦੇਵ ਰੰਚਨਾਂ): ਮੋਹਾਲੀ ਦੀ ਸੀ.ਆਈ.ਏ. ਟੀਮ ਨੇ ਖਰੜ ਦੇ ਭੂਖੜੀ ਪਿੰਡ ਵਿਖੇ ਲੱਕੀ ਪਟਿਆਲਾ ਗੈਂਗ ਨਾਲ ਸੰਬੰਧਿਤ ਇਕ ਸ਼ਾਰਪਸ਼ੂਟਰ ਰਣਵੀਰ ਰਾਣਾ ਨਾਲ ਮੁਕਾਬਲਾ ਕੀਤਾ, ਜਿਸ ਦੌਰਾਨ ਉਹ ਪੁਲਿਸ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ, ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗ ਦਾ ਮੈਂਬਰ ਇੱਕ ਬੰਦ ਫਲੈਟ ਵਿੱਚ ਛੁਪਿਆ ਹੋਇਆ ਹੈ। ਜਦੋਂ ਟੀਮ ਨੇ ਰੇਡ ਮਾਰੀ, ਤਾਂ ਮੁਲਜ਼ਮਾਂ ਨੇ ਪੁਲਿਸ ‘ਤੇ ਤਿੰਨ ਗੋਲੀਆਂ ਚਲਾਈਆਂ। ਪੁਲਿਸ ਨੇ ਜਵਾਬੀ ਕਾਰਵਾਈ ਦੌਰਾਨ ਗੋਲੀਬਾਰੀ ਕੀਤੀ, ਜਿਸ ਵਿੱਚ ਰਣਵੀਰ ਰਾਣਾ ਗੰਭੀਰ ਤੌਰ ‘ਤੇ ਜ਼ਖਮੀ ਹੋਇਆ।
ਰਾਣਾ ਕਈ ਮਾਮਲਿਆਂ ਵਿੱਚ ਲੋੜੀਂਦਾ ਦੱਸਿਆ ਜਾ ਰਿਹਾ ਹੈ। ਉਸਨੂੰ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਹਾਲਤ ‘ਤੇ ਡਾਕਟਰਾਂ ਦੀ ਨਿਗਰਾਨੀ ਹੈ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਹੋਰ ਸੰਭਾਵਿਤ ਸਾਥੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।







