ਕੇਂਦਰੀ ਬਿਜਲੀ, ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਨੇ ਹਰੀ ਝੰਡੀ ਦੇ ਕੇ ਮੈਰਾਥਨ ਨੂੰ ਕੀਤਾ ਰਵਾਨਾ

ਕਰਨਾਲ (ਜਗਜੀਤ ਸਿੰਘ) : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੀਆਂ ਰਾਜ ਪੱਧਰੀਆਂ ਸਮਾਗਮਾਂ ਦੀ ਸ਼ੁਰੂਆਤ ਅੱਜ ਕਰਨਾਲ-ਸਰਹਿੰਦ ਚਾਦਰ ਮੈਰਾਥਨ ਨਾਲ ਹੋਈ। ਕੇਂਦਰੀ ਬਿਜਲੀ, ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਨੇ ਹਰੀ ਝੰਡੀ ਦੇ ਕੇ ਮੈਰਾਥਨ ਨੂੰ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਮੈਰਾਥਨ “ਹਿੰਦ ਦੀ ਚਾਦਰ” ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ, ਸੱਚਾਈ ਤੇ ਅਡੋਲਤਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਤੀਕ ਹੈ।
ਮੈਰਾਥਨ ਵਿੱਚ ਸੈਂਕੜਿਆਂ ਨੌਜਵਾਨਾਂ, ਵਿਦਿਆਰਥੀਆਂ ਤੇ ਧਾਰਮਿਕ ਸੰਗਤਾਂ ਨੇ ਭਾਗ ਲਿਆ। ਮਨੋਹਰ ਲਾਲ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਸਾਨੂੰ ਅਨਿਆਂ ਅਤੇ ਅੱਤਿਆਚਾਰ ਦੇ ਵਿਰੁੱਧ ਖੜ੍ਹੇ ਹੋਣ ਦੀ ਪ੍ਰੇਰਣਾ ਦਿੰਦੀ ਹੈ।
ਇਸ ਤੋਂ ਇਕ ਦਿਨ ਪਹਿਲਾਂ ਸਿਰਸਾ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰਾਸ਼ਟਰੀ ਸੈਮੀਨਾਰ “ਗੁਰੂ ਤੇਗ ਬਹਾਦਰ ਜੀ ਦਾ ਜੀਵਨ ਤੇ ਦਰਸ਼ਨ” ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਰੀ ਮਨੁੱਖਤਾ ਲਈ ਇਕ ਅਮਰ ਪ੍ਰੇਰਣਾ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਯੂਨੀਵਰਸਿਟੀ ਵਿੱਚ “ਸ੍ਰੀ ਗੁਰੂ ਤੇਗ ਬਹਾਦਰ ਸਟੱਡੀ ਚੇਅਰ” ਸਥਾਪਤ ਕੀਤੀ ਜਾਵੇਗੀ ਤਾਂ ਜੋ ਵਿਦਿਆਰਥੀ ਉਨ੍ਹਾਂ ਦੇ ਜੀਵਨ ਤੇ ਉਪਦੇਸ਼ਾਂ ’ਤੇ ਖੋਜ ਕਰ ਸਕਣ।
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਰਾਜ ਸਰਕਾਰ ਵੱਲੋਂ 1 ਨਵੰਬਰ ਤੋਂ 25 ਨਵੰਬਰ ਤੱਕ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵੱਖ-ਵੱਖ ਸਮਾਗਮ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਚਾਰ ਧਾਰਮਿਕ ਯਾਤਰਾਵਾਂ ਸ਼ਾਮਲ ਹਨ। ਪਹਿਲੀ ਯਾਤਰਾ ਸਿਰਸਾ ਜ਼ਿਲ੍ਹੇ ਦੇ ਰੋੜੀ ਤੋਂ ਰਵਾਨਾ ਕੀਤੀ ਗਈ ਹੈ, ਜੋ ਸੂਬੇ ਭਰ ਦੇ ਸ਼ਰਧਾਲੂਆਂ ਨੂੰ ਜੋੜੇਗੀ।