ਦੇਸ਼ ਦੀ ਰੇਲ ਯਾਤਰਾ ਵਿੱਚ ਨਵਾਂ ਅਧਿਆਇ ਸ਼ੁਰੂ
ਨਵੀਂ ਦਿੱਲੀ, (ਰਾਜੇਸ਼ ਕੁਮਾਰ) : ਭਾਰਤ ਦੇ ਰੇਲ ਇਤਿਹਾਸ ਵਿੱਚ ਅੱਜ ਇੱਕ ਨਵਾਂ ਮੋੜ ਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਤੋਂ ਇੱਕੋ ਸਮੇਂ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਦੀ ਸ਼ੁਰੂਆਤ ਕਰਕੇ ਦੇਸ਼ ਦੇ ਆਧੁਨਿਕ ਰੇਲ ਯੁੱਗ ਦਾ ਨਵਾਂ ਦਰਵਾਜ਼ਾ ਖੋਲ੍ਹ ਦਿੱਤਾ।

ਇਨ੍ਹਾਂ ਚਾਰ ਨਵੀਆਂ ਟ੍ਰੇਨਾਂ ਦੇ ਸ਼ੁਰੂ ਹੋਣ ਨਾਲ ਵੰਦੇ ਭਾਰਤ ਐਕਸਪ੍ਰੈਸ ਦੀ ਗਿਣਤੀ ਹੁਣ 164 ਹੋ ਗਈ ਹੈ। ਇਹ ਸਾਰੀਆਂ ਟ੍ਰੇਨਾਂ “ਮੇਕ ਇਨ ਇੰਡੀਆ” ਮੁਹਿੰਮ ਦੇ ਤਹਿਤ ਚੇਨਈ ਸਥਿਤ ਇੰਟੈਗਰਲ ਕੋਚ ਫੈਕਟਰੀ (ICF) ਵਿੱਚ ਤਿਆਰ ਕੀਤੀਆਂ ਗਈਆਂ ਹਨ। ਨਵੀਂ ਤਕਨਾਲੋਜੀ ਅਤੇ ਸੁਵਿਧਾਵਾਂ ਨਾਲ ਲੈਸ, ਇਹ ਟ੍ਰੇਨਾਂ ਯਾਤਰਾ ਨੂੰ ਹੋਰ ਤੇਜ਼, ਸੁਰੱਖਿਅਤ ਤੇ ਆਰਾਮਦਾਇਕ ਬਣਾਉਣਗੀਆਂ।
ਚਾਰ ਨਵੇਂ ਰੂਟਾਂ ਦੀ ਵਿਸਥਾਰ
1️. ਬਨਾਰਸ–ਖਜੂਰਾਹੋ ਵੰਦੇ ਭਾਰਤ ਐਕਸਪ੍ਰੈਸ
ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ ਨੂੰ ਜੋੜਦੀ ਇਹ ਟ੍ਰੇਨ ਬਨਾਰਸ, ਪ੍ਰਯਾਗਰਾਜ ਅਤੇ ਚਿੱਤਰਕੂਟ ਰਾਹੀਂ ਖਜੂਰਾਹੋ ਤੱਕ ਕੇਵਲ ਕੁਝ ਘੰਟਿਆਂ ਵਿੱਚ ਪਹੁੰਚੇਗੀ। ਇਸ ਨਾਲ ਯਾਤਰੀਆਂ ਨੂੰ ਲਗਭਗ 2 ਘੰਟੇ 40 ਮਿੰਟ ਦੀ ਬਚਤ ਹੋਵੇਗੀ।
2️. ਲਖਨਊ–ਸਹਾਰਨਪੁਰ ਵੰਦੇ ਭਾਰਤ ਐਕਸਪ੍ਰੈਸ
ਉੱਤਰ ਪ੍ਰਦੇਸ਼ ਦੇ ਉੱਤਰੀ ਅਤੇ ਪੱਛਮੀ ਖੇਤਰਾਂ ਨੂੰ ਜੋੜਦੀ ਇਹ ਟ੍ਰੇਨ ਕੇਵਲ 7 ਘੰਟੇ 45 ਮਿੰਟ ਵਿੱਚ ਯਾਤਰਾ ਪੂਰੀ ਕਰੇਗੀ। ਇਹ ਲਖਨਊ, ਬਰੇਲੀ, ਮੁਰਾਦਾਬਾਦ ਅਤੇ ਸਹਾਰਨਪੁਰ ਸਮੇਤ ਕਈ ਮਹੱਤਵਪੂਰਨ ਸ਼ਹਿਰਾਂ ਵਿੱਚ ਆਰਥਿਕ ਤੇ ਸਮਾਜਿਕ ਸੰਪਰਕ ਵਧਾਏਗੀ।
3️. ਫਿਰੋਜ਼ਪੁਰ–ਨਵੀਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ
ਪੰਜਾਬ ਲਈ ਇਹ ਵੱਡਾ ਤੋਹਫ਼ਾ ਹੈ। ਫਿਰੋਜ਼ਪੁਰ ਤੋਂ ਦਿੱਲੀ ਤੱਕ ਦਾ ਸਫ਼ਰ ਹੁਣ ਸਿਰਫ਼ 6 ਘੰਟੇ 40 ਮਿੰਟਾਂ ਵਿੱਚ ਪੂਰਾ ਹੋਵੇਗਾ। ਇਹ ਟ੍ਰੇਨ ਬਠਿੰਡਾ ਤੇ ਪਟਿਆਲਾ ਰਾਹੀਂ ਚੱਲੇਗੀ, ਜਿਸ ਨਾਲ ਰਾਜਧਾਨੀ ਨਾਲ ਸਿੱਧਾ ਤੇ ਤੇਜ਼ ਸੰਪਰਕ ਬਣੇਗਾ।
4️. ਏਰਨਾਕੁਲਮ–ਬੰਗਲੁਰੂ ਵੰਦੇ ਭਾਰਤ ਐਕਸਪ੍ਰੈਸ
ਦੱਖਣੀ ਭਾਰਤ ਦੇ ਯਾਤਰੀਆਂ ਲਈ ਸੁਖਦ ਖ਼ਬਰ। ਏਰਨਾਕੁਲਮ ਤੋਂ ਬੰਗਲੁਰੂ ਤੱਕ ਦੀ ਯਾਤਰਾ ਹੁਣ ਕੇਵਲ 8 ਘੰਟੇ 40 ਮਿੰਟਾਂ ਦੀ ਰਹੇਗੀ। ਇਹ ਟ੍ਰੇਨ ਕੇਰਲਾ, ਤਾਮਿਲਨਾਡੂ ਅਤੇ ਕਰਨਾਟਕ ਦੇ ਮੁੱਖ ਆਰਥਿਕ ਅਤੇ ਆਈਟੀ ਕੇਂਦਰਾਂ ਨੂੰ ਜੋੜੇਗੀ।
ਰੇਲਵੇ ਦਾ ਨਵਾਂ ਚਿਹਰਾ
ਵੰਦੇ ਭਾਰਤ ਟ੍ਰੇਨਾਂ ਦਾ ਇਹ ਨਵਾਂ ਚਰਨ ਸਿਰਫ਼ ਤਕਨਾਲੋਜੀਕ ਸੁਧਾਰ ਨਹੀਂ, ਸਗੋਂ ਭਾਰਤੀ ਰੇਲ ਦੀ ਉਸ ਨਵੀਂ ਸੋਚ ਦਾ ਪ੍ਰਤੀਕ ਹੈ ਜੋ ਗਤੀ, ਸੁਰੱਖਿਆ ਅਤੇ ਸੁਵਿਧਾ ਨੂੰ ਇੱਕਠਾ ਕਰਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਕਿਹਾ ਕਿ “ਵੰਦੇ ਭਾਰਤ ਸਿਰਫ਼ ਟ੍ਰੇਨ ਨਹੀਂ, ਇਹ ਭਾਰਤ ਦੇ ਵਿਸ਼ਵਾਸ ਅਤੇ ਪ੍ਰਗਤੀ ਦਾ ਪ੍ਰਤੀਕ ਹੈ।”







