ਬ੍ਰਿਸਬੇਨ (ਸ਼ਹੀਦ—ਏ—ਆਜ਼ਮ ਬਿਓਰੋ): ਭਾਰਤੀ ਟੀਮ ਨੇ ਆਸਟਰੇਲੀਆ ਨੂੰ ਉਸਦੇ ਘਰ ਵਿੱਚ 5 ਮੈਚਾਂ ਦੀ ਟੀ-20 ਸੀਰੀਜ਼ ‘ਚ 2-1 ਨਾਲ ਹਰਾਕੇ ਇੱਕ ਹੋਰ ਇਤਿਹਾਸਕ ਜਿੱਤ ਦਰਜ ਕੀਤੀ। ਗਾਬਾ ਮੈਦਾਨ ਵਿਖੇ ਖੇਡਿਆ ਗਿਆ ਪੰਜਵਾਂ ਅਤੇ ਆਖਰੀ ਮੈਚ ਮੀਂਹ ਕਾਰਨ ਰੱਦ ਕਰਨਾ ਪਿਆ, ਜਿਸ ਨਾਲ ਭਾਰਤ ਨੇ ਸੀਰੀਜ਼ ਆਪਣੇ ਨਾਮ ਕੀਤੀ। ਪਹਿਲਾ ਟੀ-20 ਮੈਚ ਵੀ ਮੌਸਮ ਦੇ ਵਿਘਨ ਕਾਰਨ ਬੇਨਤੀਜਾ ਰਿਹਾ ਸੀ।
ਬ੍ਰਿਸਬੇਨ ਦੇ ਗਾਬਾ ਮੈਦਾਨ ‘ਤੇ ਆਸਟਰੇਲੀਆ ਦੇ ਕਪਤਾਨ ਮਿਚੇਲ ਮਾਰਸ਼ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 4.5 ਓਵਰਾਂ ਵਿੱਚ ਬਿਨਾਂ ਵਿਕਟ ਗੁਆਏ 52 ਦੌੜਾਂ ਬਣਾਈਆਂ ਸਨ ਕਿ ਤਿੱਖੀ ਬਿਜਲੀ ਤੇ ਮੀਂਹ ਨੇ ਖੇਡ ਵਿੱਚ ਰੁਕਾਵਟ ਪਾਈ। ਓਪਨਰ ਅਭਿਸ਼ੇਕ ਸ਼ਰਮਾ 23 ਅਤੇ ਸ਼ੁਭਮਨ ਗਿੱਲ 29 ਦੌੜਾਂ ‘ਤੇ ਨਾਟ ਆਉਟ ਸਨ।
ਮੌਸਮ ਦੇ ਬੇਹੱਦ ਖਰਾਬ ਹੋਣ ਕਾਰਨ ਦਰਸ਼ਕਾਂ ਨੂੰ ਵੀ ਮੈਦਾਨ ਦੀਆਂ ਅੱਗੇਲੀ ਸੀਟਾਂ ਖਾਲੀ ਕਰਵਾਉਣੀਆਂ ਪਈਆਂ। ਦੋ ਘੰਟਿਆਂ ਤੱਕ ਜਾਰੀ ਰਹੇ ਮੀਂਹ ਤੋਂ ਬਾਅਦ ਅੰਪਾਇਰਾਂ ਨੇ ਮੈਚ ਨੂੰ ਬੇਨਤੀਜਾ ਘੋਸ਼ਿਤ ਕਰ ਦਿੱਤਾ।
ਇਸ ਤੋਂ ਪਹਿਲਾਂ ਭਾਰਤ ਨੇ ਸੀਰੀਜ਼ ਦਾ ਤੀਜਾ ਅਤੇ ਚੌਥਾ ਮੈਚ ਜਿੱਤਿਆ ਸੀ, ਜਦਕਿ ਦੂਜਾ ਮੈਚ ਆਸਟਰੇਲੀਆ ਦੇ ਹਿੱਸੇ ਗਿਆ ਸੀ। ਇਸ ਜਿੱਤ ਨਾਲ ਭਾਰਤ ਨੇ ਆਸਟਰੇਲੀਆ ਵਿੱਚ ਟੀ-20 ਸੀਰੀਜ਼ ਕਦੇ ਨਾ ਹਾਰਨ ਵਾਲੇ ਆਪਣੇ ਰਿਕਾਰਡ ਨੂੰ ਜਾਰੀ ਰੱਖਿਆ ਹੈ।







