ਸ੍ਰੀ ਅਨੰਦਪੁਰ ਸਾਹਿਬ (ਛਤਰਪਾਲ ਸਿੰਘ): ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਰੌਣਕ ਨਵੀਂ ਚਮਕ ਨਾਲ ਜਗਮਗਾਉਣ ਲੱਗੀ ਹੈ। ਸ਼ਹਿਰ ਦੀਆਂ ਸਾਰੀਆਂ ਅੰਦਰੂਨੀ ਸੜਕਾਂ ਦਾ ਨਵੀਨੀਕਰਨ ਹੋ ਚੁੱਕਾ ਹੈ ਅਤੇ ਬਾਹਰੀ ਰਸਤੇ ਵੀ ਜੰਗੀ ਪੱਧਰ ‘ਤੇ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਸਮਾਗਮਾਂ ਦੌਰਾਨ ਆਉਣ ਵਾਲੀ ਸੰਗਤ ਨੂੰ ਸੁਗਮ ਯਾਤਰਾ ਦੀ ਸਹੂਲਤ ਮਿਲੇ।
ਕੈਬਨਿਟ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿਰਾਸਤ-ਏ-ਖਾਲਸਾ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ, ਬੱਸ ਅੱਡਾ ਤੋਂ ਭਗਤ ਰਵਿਦਾਸ ਚੌਂਕ, ਅਤੇ ਕਚਹਿਰੀ ਰੋਡ ਤੱਕ ਦੀਆਂ ਸੜਕਾਂ ਨੂੰ ਨਵੀਂ ਦਿੱਖ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਕੰਮ ਵੀ ਜਲਦੀ ਪੂਰੇ ਹੋ ਜਾਣਗੇ।
ਬੈਂਸ ਨੇ ਕਿਹਾ ਕਿ ਸੜਕਾਂ ‘ਤੇ ਬਲਿੰਕਰ ਰਿਫਲੈਕਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ, ਤਾਂ ਜੋ ਰਾਤ ਦੇ ਸਮੇਂ ਜਾਂ ਧੁੰਦ ਦੌਰਾਨ ਸੰਗਤਾਂ ਨੂੰ ਕੋਈ ਮੁਸ਼ਕਲ ਨਾ ਹੋਵੇ। ਉਨ੍ਹਾਂ ਜੋੜਿਆ ਕਿ ਇਹ ਤਿਆਰੀਆਂ ਸਿਰਫ਼ ਸ਼ਤਾਬਦੀ ਸਮਾਗਮਾਂ ਲਈ ਨਹੀਂ, ਸਗੋਂ ਸਥਾਈ ਵਿਕਾਸ ਦੀ ਦਿਸ਼ਾ ਵੱਲ ਕਦਮ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੀ ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿੱਚ ਹਾਜ਼ਰੀ ਲਾਉਣਗੇ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਹਿੱਸਾ ਲੈਣ।
ਗੁਰੂ ਨਗਰੀ ਹੁਣ ਨਵੇਂ ਜੋਸ਼, ਚਮਕ ਅਤੇ ਭਗਤੀ ਦੇ ਰੰਗ ਵਿੱਚ ਸਜਣ ਲਈ ਪੂਰੀ ਤਰ੍ਹਾਂ ਤਿਆਰ ਹੈ।







