ਅਧਿਕਾਰੀਆਂ ਨੂੰ ਸਮੇਂ ਸਿਰ ਕੰਮ ਪੂਰਾ ਕਰਨ ਦੇ ਨਿਰਦੇਸ਼
ਪਟਿਆਲਾ, 7 ਨਵੰਬਰ (ਜਗਜੀਤ ਸਿੰਘ):

ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸ਼ਹਿਰ ਅੰਦਰ ਚੱਲ ਰਹੇ ਸੜਕ ਨਿਰਮਾਣ ਤੇ ਮੁਰੰਮਤ ਕਾਰਜਾਂ ਦਾ ਮੌਕੇ ‘ਤੇ ਨਿਰੀਖਣ ਕੀਤਾ। ਉਨ੍ਹਾਂ ਨੇ ਫੁਹਾਰਾ ਚੌਂਕ, ਲੀਲ੍ਹਾ ਭਵਨ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਅਤੇ ਖੰਡਾ ਚੌਂਕ ਵਿਖੇ ਹੋ ਰਹੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਸੰਬੰਧਤ ਵਿਭਾਗਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਸਾਰੇ ਪ੍ਰਾਜੈਕਟ ਨਿਰਧਾਰਤ ਸਮੇਂ ਵਿੱਚ ਪੂਰੇ ਕੀਤੇ ਜਾਣ।
ਡਾ. ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਧਿਆਨ ਵਿੱਚ ਰੱਖਦਿਆਂ ਪਟਿਆਲਾ ਦੀਆਂ ਸੜਕਾਂ ਨੂੰ ਸ਼੍ਰੇਣੀਬੱਧ ਢੰਗ ਨਾਲ ਸੁਧਾਰਿਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਲੀਲ੍ਹਾ ਭਵਨ ਤੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਭੁਪਿੰਦਰਾ ਰੋਡ, ਅਪਰ ਮਾਲ ਰੋਡ, ਪਾਸੀ ਰੋਡ ਅਤੇ ਪਟਿਆਲਾ-ਨਾਭਾ ਰੋਡ ਸਮੇਤ ਕਈ ਮਹੱਤਵਪੂਰਨ ਮਾਰਗਾਂ ਦੀ ਉਸਾਰੀ ਤੇ ਮੁਰੰਮਤ ਜਾਰੀ ਹੈ। ਇਹ ਪ੍ਰਾਜੈਕਟ ਕੁੱਲ 8.57 ਕਿਲੋਮੀਟਰ ਲੰਬੇ ਰੂਟ ਤੇ 12.18 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਨਵਾਂ ਬੱਸ ਸਟੈਂਡ ਤੋਂ ਪਸਿਆਣਾ ਪੁਲ ਤੱਕ 12.05 ਕਿਲੋਮੀਟਰ ਦੇ ਮਾਰਗ ਦੀ ਉਸਾਰੀ ਲਈ 14 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਹੇਠ ਪਾਣੀ ਦੀ ਪਾਈਪਲਾਈਨ ਵਿਛਾਉਣ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ ਅਤੇ ਹੁਣ ਸੜਕਾਂ ਦੀ ਉਸਾਰੀ ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।
ਡਾ. ਯਾਦਵ ਨੇ ਜ਼ੋਰ ਦਿੱਤਾ ਕਿ ਸੜਕਾਂ ਦੀ ਮੁਰੰਮਤ ਦੌਰਾਨ ਬਰਸਾਤੀ ਪਾਣੀ ਦੀ ਨਿਕਾਸੀ, ਫੁੱਟਪਾਥਾਂ ਦੀ ਮਜ਼ਬੂਤੀ ਅਤੇ ਨਾਜਾਇਜ਼ ਕਬਜ਼ਿਆਂ ਦੇ ਹਟਾਉਣ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸੜਕ ਕਿਨਾਰੇ ਮੌਜੂਦ ਬਿਜਲੀ ਦੇ ਖੰਭਿਆਂ ਜਾਂ ਹੋਰ ਰੁਕਾਵਟਾਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਆਵਾਜਾਈ ਸੁਚਾਰੂ ਰਹੇ ਅਤੇ ਸੜਕਾਂ ਦੀ ਪੂਰੀ ਚੌੜਾਈ ਵਰਤੀ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਚੇਤਾਵਨੀ ਦਿੱਤੀ ਕਿ ਜੇ ਮੁਰੰਮਤ ਪਿੱਛੋਂ ਵੀ ਕਿਸੇ ਥਾਂ ਤੇ ਨਾਜਾਇਜ਼ ਕਬਜ਼ੇ, ਡਰੇਨੇਜ ਦੀ ਕਮੀ ਜਾਂ ਗੁਣਵੱਤਾ ਵਿੱਚ ਲਾਪਰਵਾਹੀ ਪਾਈ ਗਈ, ਤਾਂ ਸੰਬੰਧਤ ਏਜੰਸੀ ਅਤੇ ਵਿਭਾਗੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਹ ਖੁਦ ਮੌਕੇ ‘ਤੇ ਕੰਮ ਦੀ ਨਿਗਰਾਨੀ ਕਰ ਰਹੀਆਂ ਹਨ, ਤਾਂ ਜੋ ਪਟਿਆਲਾ ਸ਼ਹਿਰ ਦੀਆਂ ਸੜਕਾਂ ਨੂੰ ਆਧੁਨਿਕ, ਸੁਚਾਰੂ ਅਤੇ ਸੁਰੱਖਿਅਤ ਬਣਾਇਆ ਜਾ ਸਕੇ।