Homeਪੰਜਾਬਪੰਜਾਬ ਵਿੱਚ ਤਾਪਮਾਨ ਵਿੱਚ ਗਿਰਾਵਟ ਦੀ ਸੰਭਾਵਨਾ, ਪਰਾਲੀ ਸਾੜਨ ਦੇ ਮਾਮਲੇ ਵਧੇ

ਪੰਜਾਬ ਵਿੱਚ ਤਾਪਮਾਨ ਵਿੱਚ ਗਿਰਾਵਟ ਦੀ ਸੰਭਾਵਨਾ, ਪਰਾਲੀ ਸਾੜਨ ਦੇ ਮਾਮਲੇ ਵਧੇ

ਪੰਜਾਬ, 6 ਨਵੰਬਰ (ਸ਼ਹੀਦ—ਏ—ਆਜ਼ਮ ਬਿਓਰੋ): ਪੱਛਮੀ ਗੜਬੜੀ ਦੇ ਖ਼ਤਮ ਹੋਣ ਨਾਲ ਹੁਣ ਪੰਜਾਬ ਵਿੱਚ ਮੌਸਮ ਦੇ ਮਿਜ਼ਾਜ ’ਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਤਿੰਨ ਦਿਨਾਂ ਦੌਰਾਨ ਰਾਤਾਂ ਠੰਡੀ ਹੋਣਗੀਆਂ ਅਤੇ ਤਾਪਮਾਨ ਵਿੱਚ 3 ਤੋਂ 5 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਹਾਲਾਂਕਿ, ਉਸ ਤੋਂ ਬਾਅਦ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਹੋਵੇਗਾ। ਹਾਲ ਹੀ ਵਿੱਚ ਪਏ ਮੀਂਹ ਨਾਲ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ ਤੇ ਪ੍ਰਦੂਸ਼ਣ ਦੀ ਪੱਧਰ ਘਟਿਆ ਹੈ।

ਦੂਜੇ ਪਾਸੇ, ਨਵੰਬਰ ਦੇ ਪਹਿਲੇ ਪੰਜ ਦਿਨਾਂ ਦੌਰਾਨ ਪਰਾਲੀ ਸਾੜਨ ਦੇ ਮਾਮਲੇ ਵਧੇ ਹਨ। “ਕੰਸੋਰਟੀਅਮ ਫਾਰ ਰਿਸਰਚ ਆਨ ਐਗਰੋ-ਈਕੋਸਿਸਟਮ ਮਾਨੀਟਰਿੰਗ ਐਂਡ ਮਾਡਲਿੰਗ ਫਰਾਮ ਸਪੇਸ” ਅਨੁਸਾਰ, ਸਿਰਫ਼ ਪੰਜ ਦਿਨਾਂ ਵਿੱਚ ਸੂਬੇ ਵਿੱਚ 1,291 ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਸ ਤੋਂ ਪਹਿਲਾਂ, 15 ਸਤੰਬਰ ਤੋਂ 31 ਅਕਤੂਬਰ ਤੱਕ ਕੁੱਲ 1,642 ਮਾਮਲੇ ਸਾਹਮਣੇ ਆਏ ਸਨ।

ਇਨ੍ਹਾਂ ਪੰਜ ਦਿਨਾਂ ਵਿੱਚ ਸਭ ਤੋਂ ਵੱਧ ਮਾਮਲੇ ਸੰਗਰੂਰ ਜ਼ਿਲ੍ਹੇ ਵਿੱਚ ਦਰਜ ਕੀਤੇ ਗਏ, ਜਿੱਥੇ 245 ਪਰਾਲੀ ਸਾੜਨ ਦੀਆਂ ਘਟਨਾਵਾਂ ਹੋਈਆਂ। ਇਸ ਤੋਂ ਇਲਾਵਾ ਤਰਨਤਾਰਨ ਵਿੱਚ 135, ਫਿਰੋਜ਼ਪੁਰ ਵਿੱਚ 130, ਬਠਿੰਡਾ ਵਿੱਚ 109, ਮਾਨਸਾ ਤੇ ਮੋਗਾ ਵਿੱਚ 87-87, ਮੁਕਤਸਰ ਸਾਹਿਬ ਵਿੱਚ 73, ਪਟਿਆਲਾ ਵਿੱਚ 71, ਲੁਧਿਆਣਾ ਵਿੱਚ 58 ਤੇ ਅੰਮ੍ਰਿਤਸਰ ਵਿੱਚ 57 ਮਾਮਲੇ ਦਰਜ ਕੀਤੇ ਗਏ।

ਮੌਸਮ ਵਿਭਾਗ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ 1.6 ਡਿਗਰੀ ਘਟਿਆ ਹੈ। ਮਾਨਸਾ ਵਿੱਚ ਸਭ ਤੋਂ ਵੱਧ ਤਾਪਮਾਨ 31.5 ਡਿਗਰੀ ਸੈਲਸੀਅਸ ਰਿਹਾ। ਅਗਲੇ ਦਿਨਾਂ ਦੌਰਾਨ ਮੌਸਮ ਖੁੱਲ੍ਹਾ ਰਹੇਗਾ ਅਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਪਰ ਠੰਢ ਦਾ ਅਹਿਸਾਸ ਵੱਧੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments