ਜਲੰਧਰ, (ਰਾਜੇਸ਼ ਕੁਮਾਰ) : ਫਿਲੌਰ ਰੇਲਵੇ ਸਟੇਸ਼ਨ ‘ਤੇ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਦੋਂ ਇੱਕ ਅਣਪਛਾਤਾ ਵਿਅਕਤੀ ਰੇਲਗੱਡੀ ਦੇ ਡੱਬੇ ‘ਤੇ ਚੜ੍ਹਦਿਆਂ ਹਾਈ-ਟੈਂਸ਼ਨ ਤਾਰਾਂ ਦੀ ਚਪੇਟ ‘ਚ ਆ ਗਿਆ। ਤਾਰਾਂ ਨੂੰ ਛੂਹਦੇ ਹੀ ਉਸਦੇ ਕੱਪੜਿਆਂ ਨੂੰ ਅੱਗ ਲੱਗ ਗਈ ਅਤੇ ਉਹ ਗੰਭੀਰ ਰੂਪ ਨਾਲ ਸੜ ਗਿਆ।
ਇਹ ਹਾਦਸਾ ਸਵੇਰੇ ਕਰੀਬ 9:45 ਵਜੇ ਵਾਪਰਿਆ, ਜਦੋਂ ਲੋਹੀਆਂ ਤੋਂ ਲੁਧਿਆਣਾ ਜਾਣ ਵਾਲੀ ਰੇਲਗੱਡੀ ਫਿਲੌਰ ਦੇ ਪਲੇਟਫਾਰਮ ਨੰਬਰ 3 ‘ਤੇ ਰੁਕੀ ਹੋਈ ਸੀ। ਮੌਜੂਦ ਲੋਕਾਂ ਨੇ ਦੱਸਿਆ ਕਿ ਜਿਵੇਂ ਹੀ ਉਹ ਵਿਅਕਤੀ ਡੱਬੇ ‘ਤੇ ਚੜ੍ਹਿਆ, ਉਹ ਤੁਰੰਤ ਉੱਚੀ ਬਿਜਲੀ ਦੀ ਤਾਰ ਨਾਲ ਟਕਰਾ ਗਿਆ।
ਸਟੇਸ਼ਨ ਦੇ ਕਰਮਚਾਰੀ ਰਾਜਕੁਮਾਰ ਨੰਗਲ ਨੇ ਕਿਹਾ ਕਿ ਲੋਕਾਂ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਉਸਨੂੰ ਕਰੰਟ ਲੱਗ ਗਿਆ। ਉਸਨੂੰ ਫਿਲੌਰ ਤੋਂ ਜਲੰਧਰ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੱਸੀ ਹੈ।
ਜੀਆਰਪੀ ਚੌਕੀ ਇੰਚਾਰਜ ਹਰਮੇਸ਼ ਸਿੰਘ ਨੇ ਦੱਸਿਆ ਕਿ ਰੇਲਵੇ ਤਾਰਾਂ ਵਿੱਚ 25 ਹਜ਼ਾਰ ਵੋਲਟ ਦਾ ਕਰੰਟ ਹੁੰਦਾ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਲਾਈਨ ਬੰਦ ਕਰਵਾ ਦਿੱਤੀ ਗਈ ਤੇ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖ਼ਮੀ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ।







