HomeHukamnama Akali Baba phoola Singh Jiਅੱਜ ਦਾ ਹੁਕਮਨਾਮਾ ਸਾਹਿਬ ਮਿਤੀ 6 ਨਵੰਬਰ,2025, ਵੀਰਵਾਰ (ਕੱਤਕ)

ਅੱਜ ਦਾ ਹੁਕਮਨਾਮਾ ਸਾਹਿਬ ਮਿਤੀ 6 ਨਵੰਬਰ,2025, ਵੀਰਵਾਰ (ਕੱਤਕ)

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ

ੴਸਤਿਗੁਰ ਪ੍ਰਸਾਦਿ

ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥

ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥

ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥

ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥

ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥

ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥

ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥

ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥

ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ ॥

ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥

ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥

ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥

ਮਾਧਵੇ ਜਾਨਤ ਹਹੁ ਜੈਸੀ ਤੈਸੀ ॥

ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥

ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥

ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥

ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥

ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥

ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥

ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥

ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥

ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥

ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥

ਜਿਹ ਰਸ ਅਨ ਰਸ ਬੀਸਰਿ ਜਾਹੀ ॥੧॥ ਰਹਾਉ ॥

ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥

ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥

ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥

ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥

ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥

ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥

ਹਰਿ ਹਰਿ ਹਰਿ ਨ ਜਪਹਿ ਰਸਨਾ ॥

ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥

ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥

ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥

ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥

ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥

ਜਉ ਤੁਮ ਗਿਰਿਵਰ ਤਉ ਹਮ ਮੋਰਾ ॥

ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥

ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥

ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥

ਜਉ ਤੁਮ ਦੀਵਰਾ ਤਉ ਹਮ ਬਾਤੀ ॥

ਜਉ ਤੁਮ ਤੀਰਥ ਤਉ ਹਮ ਜਾਤੀ ॥੨॥

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥

ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥

ਜਹ ਜਹ ਜਾਉ ਤਹਾ ਤੇਰੀ ਸੇਵਾ ॥

ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥

ਤੁਮਰੇ ਭਜਨ ਕਟਹਿ ਜਮ ਫਾਂਸਾ ॥

ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥

ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥

ਹਾਡ ਮਾਸ ਨਾੜੀਂ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥

ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥

ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥

ਰਾਖਹੁ ਕੰਧ ਉਸਾਰਹੁ ਨੀਵਾਂ ॥

ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥

ਬੰਕੇ ਬਾਲ ਪਾਗ ਸਿਰਿ ਡੇਰੀ ॥

ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥

ਊਚੇ ਮੰਦਰ ਸੁੰਦਰ ਨਾਰੀ ॥

ਰਾਮ ਨਾਮ ਬਿਨੁ ਬਾਜੀ ਹਾਰੀ ॥੪॥

ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥

ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥

ਚਮਰਟਾ ਗਾਂਠਿ ਨ ਜਨਈ ॥

ਲੋਗੁ ਗਠਾਵੈ ਪਨਹੀ ॥੧॥ ਰਹਾਉ ॥

ਆਰ ਨਹੀ ਜਿਹ ਤੋਪਉ ॥

ਨਹੀ ਰਾਂਬੀ ਠਾਉ ਰੋਪਉ ॥੧॥

ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥

ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥

ਰਵਿਦਾਸੁ ਜਪੈ ਰਾਮ ਨਾਮਾ ॥

ਮੋਹਿ ਜਮ ਸਿਉ ਨਾਹੀ ਕਾਮਾ ॥੩॥੭॥

(ਹੇ ਮਾਧੋ!) ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹਉਮੈ ਰਹਿੰਦੀ ਹੈ, ਉਤਨਾ ਚਿਰ ਤੂੰ (ਅਸਾਡੇ ਅੰਦਰ) ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਅਸਾਡੀ ‘ਮੈਂ’ ਦੂਰ ਹੋ ਜਾਂਦੀ ਹੈ ।

(ਇਸ ‘ਮੈਂ’ ਦੇ ਹਟਣ ਨਾਲ ਇਹ ਸਮਝ ਆ ਜਾਂਦੀ ਹੈ ਕਿ) ਜਿਵੇਂ ਬੜਾ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ (ਲਹਿਰਾਂ ਸਮੁੰਦਰ ਦੇ) ਪਾਣੀ ਵਿਚ ਪਾਣੀ ਹੀ ਹੈ (ਤਿਵੇਂ ਇਹ ਸਾਰੇ ਜੀਆ ਜੰਤ ਤੇਰਾ ਆਪਣਾ ਹੀ ਵਿਕਾਸ ਹੈ) ॥੧॥

ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ ।

ਅਸੀਂ ਜੋ ਮੰਨੀ ਬੈਠੇ ਹਾਂ (ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ), ਉਹ ਠੀਕ ਨਹੀਂ ਹੈ ॥੧॥ ਰਹਾਉ ॥

(ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ,

ਰਾਜ ਹੁੰਦਿਆਂ ਸੁੰਦਿਆਂ ਉਹ (ਸੁਪਨੇ ਵਿਚ ਰਾਜ ਤੋਂ) ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ (ਹੇ ਮਾਧੋ! ਤੈਥੋਂ ਵਿਛੁੜ ਕੇ) ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ ॥੨॥

ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ, ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਣਾ ਦਿੱਤਾ ਹੈ ।

ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ (ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ) । ਹੁਣ ਉਹ ਪੁਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ (ਭਾਵ, ਹੁਣ ਮੈਂ ਇਹ ਨਹੀਂ ਆਖਦਾ ਕਿ ਜਗਤ ਤੈਥੋਂ ਵੱਖਰੀ ਹਸਤੀ ਹੈ) ॥੩॥

ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ ।

(ਹੁਣ ਤਾਂ) ਰਵਿਦਾਸ ਆਖਦਾ ਹੈ ਕਿ (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ ॥੪॥੧॥

(ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ ।

ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ? ॥੧॥

ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ) ।

ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ ॥੧॥ ਰਹਾਉ ॥

(ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ,

ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ) ॥੨॥

ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ ।

(ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ ॥੩॥

ਰਵਿਦਾਸ ਆਖਦਾ ਹੈ-(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ,

ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ) ॥੪॥੨॥

ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, (ਪਿਛਲੇ ਕੀਤੇ) ਭਲੇ ਕੰਮਾਂ ਦੇ ਫਲ ਵਜੋਂ ਅਸਾਨੂੰ ਮਿਲ ਗਿਆ, ਪਰ ਅਸਾਡੇ ਅੰਞਾਣਪੁਣੇ ਵਿਚ ਇਹ ਵਿਅਰਥ ਹੀ ਜਾ ਰਿਹਾ ਹੈ ।

(ਅਸਾਂ ਕਦੇ ਸੋਚਿਆ ਹੀ ਨਹੀਂ ਕਿ) ਜੇ ਪ੍ਰਭੂ ਦੀ ਬੰਦਗੀ ਤੋਂ ਵਾਂਜੇ ਰਹੇ ਤਾਂ (ਦੇਵਤਿਆਂ ਦੇ) ਰਾਜੇ ਇੰਦਰ ਦੇ ਸੁਰਗ ਵਰਗੇ ਭੀ ਮਹਿਲ ਮਾੜੀਆਂ ਕਿਸੇ ਕੰਮ ਨਹੀਂ ਹਨ ॥੧॥

(ਅਸਾਂ ਮਾਇਆ-ਧਾਰੀ ਜੀਵਾਂ ਨੇ) ਜਗਤ-ਪ੍ਰਭੂ ਪਰਮਾਤਮਾ ਦੇ ਨਾਮ ਦੇ ਉਸ ਆਨੰਦ ਨੂੰ ਨਹੀਂ ਕਦੇ ਵਿਚਾਰਿਆ,

ਜਿਸ ਆਨੰਦ ਦੀ ਬਰਕਤਿ ਨਾਲ (ਮਾਇਆ ਦੇ) ਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਹਨ ॥੧॥ ਰਹਾਉ ॥

(ਹੇ ਪ੍ਰਭੂ!) ਜਾਣਦੇ ਬੁੱਝਦੇ ਹੋਏ ਭੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇ (ਮਾਇਆ ਦੀਆਂ ਹੀ) ਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ ।

ਅਸਾਡੀ ਕਾਮ-ਵਾਸ਼ਨਾ ਵਧ ਰਹੀ ਹੈ, ਵਿਚਾਰ-ਸ਼ਕਤੀ ਘਟ ਰਹੀ ਹੈ, ਇਸ ਗੱਲ ਦੀ ਅਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਅਸਾਡੀ ਸਭ ਤੋਂ ਵੱਡੀ ਲੋੜ ਕੀਹ ਹੈ ॥੨॥

ਅਸੀਂ ਆਖਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ (ਆਪਣੀ ਮੂਰਖਤਾ ਦੀ) ਸਮਝ ਹੀ ਨਹੀਂ ਪੈਂਦੀ ।

(ਹੇ ਪ੍ਰਭੂ!) ਤੇਰਾ ਦਾਸ ਰਵਿਦਾਸ ਆਖਦਾ ਹੈ-ਮੈਂ ਹੁਣ ਇਸ (ਮੂਰਖ-ਪੁਣੇ) ਤੋਂ ਉਪਰਾਮ ਹੋ ਗਿਆ ਹਾਂ, (ਮੇਰੇ ਅੰਞਾਣਪੁਣੇ ਤੇ) ਗੁੱਸਾ ਨਾਹ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ ॥੩॥੩॥

(ਹੇ ਪੰਡਿਤ!) ਜੋ ਪ੍ਰਭੂ ਸੁਖਾਂ ਦਾ ਸਮੁੰਦਰ ਹੈ, ਜਿਸ ਪ੍ਰਭੂ ਦੇ ਵੱਸ ਵਿਚ ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਹਨ,

ਧਰਮ ਅਰਥ ਕਾਮ ਮੋਖ ਚਾਰੇ ਪਦਾਰਥ, ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ ॥੧॥

(ਹੇ ਪੰਡਿਤ!) ਤੂੰ ਇਕ ਪਰਮਾਤਮਾ ਦਾ ਨਾਮ ਸਿਮਰਦਾ ਨਹੀਂ ।

ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਦੇਹ ॥੧॥ ਰਹਾਉ ॥

(ਹੇ ਪੰਡਿਤ!) ਪੁਰਾਣਾਂ ਦੇ ਅਨੇਕ ਕਿਸਮਾਂ ਦੇ ਪ੍ਰਸੰਗ, ਵੇਦਾਂ ਦੀਆਂ ਦੱਸੀਆਂ ਹੋਈਆਂ ਵਿਧੀਆਂ, ਇਹ ਸਭ ਵਾਕ-ਰਚਨਾ ਹੀ ਹਨ (ਅਨੁਭਵੀ ਗਿਆਨ ਨਹੀਂ ਜੋ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਹਿਰਦੇ ਵਿਚ ਪੈਦਾ ਹੁੰਦਾ ਹੈ) ।

(ਹੇ ਪੰਡਿਤ! ਵੇਦਾਂ ਦੇ ਖੋਜੀ) ਵਿਆਸ (ਰਿਸ਼ੀ) ਨੇ ਸੋਚ ਵਿਚਾਰ ਕੇ ਇਹੀ ਧਰਮ-ਤੱਤ ਦੱਸਿਆ ਹੈ ਕਿ (ਇਹਨਾਂ ਪੁਸਤਕਾਂ ਦੇ ਪਾਠ ਆਦਿਕ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਦੀ ਬਰਾਬਰੀ ਨਹੀਂ ਕਰ ਸਕਦੇ । (ਫਿਰ, ਤੂੰ ਕਿਉਂ ਨਾਮ ਨਹੀਂ ਸਿਮਰਦਾ?) ॥੨॥

ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।

ਰਵਿਦਾਸ ਆਖਦਾ ਹੈ-ਕੋਈ ਵਿਕਾਰ ਉਸ ਵਿਚ ਨਹੀਂ ਉੱਠਦਾ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ॥੩॥੪॥

ਹੇ ਮੇਰੇ ਮਾਧੋ! ਜੇ ਤੂੰ ਸੋਹਣਾ ਜਿਹਾ ਪਹਾੜ ਬਣੇਂ, ਤਾਂ ਮੈਂ (ਤੇਰਾ) ਮੋਰ ਬਣਾਂਗਾ (ਤੈਨੂੰ ਵੇਖ ਵੇਖ ਕੇ ਪੈਲਾਂ ਪਾਵਾਂਗਾ) ।

ਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ (ਤੇ ਤੈਨੂੰ ਵੇਖ ਕੇ ਖ਼ੁਸ਼ ਹੋ ਹੋ ਕੇ ਬੋਲਾਂਗੀ) ॥੧॥

ਹੇ ਮਾਧੋ! ਜੇ ਤੂੰ (ਮੇਰੇ ਨਾਲੋਂ) ਪਿਆਰ ਨਾਹ ਤੋੜੇਂ, ਤਾਂ ਮੈਂ ਭੀ ਨਹੀਂ ਤੋੜਾਂਗਾ;

ਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ? (ਹੋਰ ਕੋਈ, ਹੇ ਮਾਧੋ! ਤੇਰੇ ਵਰਗਾ ਹੈ ਹੀ ਨਹੀਂ) ॥੧॥ ਰਹਾਉ ॥

ਹੇ ਮਾਧੋ! ਜੇ ਤੂੰ ਸੋਹਣਾ ਦੀਵਾ ਬਣੇਂ, ਮੈਂ (ਤੇਰੀ) ਵੱਟੀ ਬਣ ਜਾਵਾਂ ।

ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ (ਤੇਰਾ ਦੀਦਾਰ ਕਰਨ ਲਈ) ਜਾਤ੍ਰੂ ਬਣ ਜਾਵਾਂਗਾ ॥੨॥

ਹੇ ਪ੍ਰਭੂ! ਮੈਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ ।

ਤੇਰੇ ਨਾਲ ਪਿਆਰ ਗੰਢ ਕੇ ਮੈਂ ਹੋਰ ਸਭਨਾਂ ਨਾਲੋਂ ਤੋੜ ਲਿਆ ਹੈ ॥੩॥

ਹੇ ਮਾਧੋ! ਮੈਂ ਜਿੱਥੇ ਜਿੱਥੇ ਜਾਂਦਾ ਹਾਂ (ਮੈਨੂੰ ਹਰ ਥਾਂ ਤੂੰ ਹੀ ਦਿੱਸਦਾ ਹੈਂ, ਮੈਂ ਹਰ ਥਾਂ) ਤੇਰੀ ਹੀ ਸੇਵਾ ਕਰਦਾ ਹਾਂ ।

ਹੇ ਦੇਵ! ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿੱਸਿਆ ॥੪॥

ਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਧਨ ਕੱਟੇ ਜਾਂਦੇ ਹਨ,

(ਤਾਹੀਏਂ) ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ ॥੫॥੫॥

(ਜੀਵ-ਪੰਛੀ ਜਿਸ ਸਰੀਰ ਵਿਚ ਵੱਸ ਰਿਹਾ ਹੈ) ਉਸ ਦੀ ਕੰਧ (ਮਾਨੋ) ਪਾਣੀ ਦੀ ਹੈ, ਥੰਮ੍ਹੀ ਹਵਾ (ਸੁਆਸਾਂ) ਦੀ ਹੈ; ਮਾਂ ਦੀ ਰੱਤ ਤੇ ਪਿਉ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ,

ਤੇ ਹੱਡ ਮਾਸ ਨਾੜੀਆਂ ਦਾ ਪਿੰਜਰ ਬਣਿਆ ਹੋਇਆ ਹੈ । ਜੀਵ-ਪੰਛੀ ਵਿਚਾਰਾ ਉਸ ਸਰੀਰ ਵਿਚ ਵੱਸ ਰਿਹਾ ਹੈ ॥੧॥

ਹੇ ਭਾਈ! ਫਿਰ, ਇਹਨਾਂ ਵਿਤਕਰਿਆਂ ਤੇ ਵੰਡਾਂ ਦਾ ਕੀਹ ਲਾਭ?

ਜਿਵੇਂ ਰੁੱਖਾਂ ਉੱਤੇ ਪੰਛੀਆਂ ਦਾ (ਸਿਰਫ਼ ਰਾਤ ਲਈ) ਡੇਰਾ ਹੁੰਦਾ ਹੈ (ਤਿਵੇਂ ਜੀਵਾਂ ਦੀ ਵੱਸੋਂ ਜਗਤ ਵਿਚ ਹੈ) ॥੧॥ ਰਹਾਉ ॥

ਹੇ ਭਾਈ! (ਡੂੰਘੀਆਂ) ਨੀਹਾਂ ਪੁਟਾ ਪੁਟਾ ਕੇ ਤੂੰ ਉਹਨਾਂ ਉੱਤੇ ਕੰਧਾਂ ਉਸਰਾਉਂਦਾ ਹੈਂ,

ਪਰ ਤੈਨੂੰ ਆਪ ਨੂੰ (ਹਰ ਰੋਜ਼ ਤਾਂ ਵੱਧ ਤੋਂ ਵੱਧ ਸਾਢੇ ਤਿੰਨ ਹੱਥ ਥਾਂ ਹੀ ਚਾਹੀਦੀ ਹੈ (ਸੌਣ ਵੇਲੇ ਇਤਨੀ ਕੁ ਥਾਂ ਹੀ ਮੱਲਦਾ ਹੈਂ) ॥੨॥

ਤੂੰ ਸਿਰ ਉੱਤੇ ਬਾਂਕੇ ਬਾਲ (ਸੰਵਾਰ ਸੰਵਾਰ ਕੇ) ਵਿੰਗੀ ਪੱਗ ਬੰਨ੍ਹਦਾ ਹੈਂ,

(ਪਰ ਸ਼ਾਇਦ ਤੈਨੂੰ ਕਦੇ ਇਹ ਚੇਤਾ ਨਹੀਂ ਆਇਆ ਕਿ) ਇਹ ਸਰੀਰ (ਹੀ ਕਿਸੇ ਦਿਨ) ਸੁਆਹ ਦੀ ਢੇਰੀ ਹੋ ਜਾਇਗਾ ॥੩॥

ਹੇ ਭਾਈ! ਤੂੰ ਉੱਚੇ ਉੱਚੇ ਮਹਲ ਮਾੜੀਆਂ ਤੇ ਸੁੰਦਰ ਇਸਤ੍ਰੀ (ਦਾ ਮਾਣ ਕਰਦਾ ਹੈਂ),

ਪ੍ਰਭੂ ਦਾ ਨਾਮ ਵਿਸਾਰ ਕੇ ਤੂੰ ਮਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈਂ ॥੪॥

ਹੇ ਮੇਰੇ ਰਾਜਨ! ਹੇ ਮੇਰੇ ਸੋਹਣੇ ਰਾਮ! ਮੇਰੀ ਤਾਂ ਜਾਤਿ, ਕੁਲ ਤੇ ਜਨਮ ਸਭ ਕੁਝ ਨੀਵਾਂ ਹੀ ਨੀਵਾਂ ਸੀ,

ਰਵਿਦਾਸ ਚਮਾਰ ਆਖਦਾ ਹੈ-(ਇੱਥੇ ਉੱਚੀਆਂ ਕੁਲਾਂ ਵਾਲੇ ਡੁਬਦੇ ਜਾ ਰਹੇ ਹਨ, ਮੇਰਾ ਕੀਹ ਬਣਨਾ ਸੀ? ਪਰ) ਮੈਂ ਤੇਰੀ ਸਰਨ ਆਇਆ ਹਾਂ ॥੫॥੬॥

ਮੈਂ ਗ਼ਰੀਬ ਚਮਿਆਰ (ਸਰੀਰ-ਜੁੱਤੀ ਨੂੰ) ਗੰਢਣਾ ਨਹੀਂ ਜਾਣਦਾ,

ਪਰ ਜਗਤ ਦੇ ਜੀਵ ਆਪੋ ਆਪਣੀ (ਸਰੀਰ-ਰੂਪ) ਜੁੱਤੀ ਗੰਢਾ ਰਹੇ ਹਨ (ਭਾਵ, ਲੋਕ ਦਿਨ ਰਾਤ ਨਿਰੇ ਸਰੀਰ ਦੀ ਪਾਲਣਾ ਦੇ ਆਹਰ ਵਿਚ ਲੱਗ ਰਹੇ ਹਨ ॥੧॥ ਰਹਾਉ ॥

ਮੇਰੇ ਪਾਸ ਆਰ ਨਹੀਂ ਕਿ ਮੈਂ (ਜੁੱਤੀ ਨੂੰ) ਤ੍ਰੋਪੇ ਲਾਵਾਂ (ਭਾਵ, ਮੇਰੇ ਅੰਦਰ ਮੋਹ ਦੀ ਖਿੱਚ ਨਹੀਂ ਕਿ ਮੇਰੀ ਸੁਰਤ ਸਦਾ ਸਰੀਰ ਵਿਚ ਹੀ ਟਿਕੀ ਰਹੇ) ।

ਮੇਰੇ ਪਾਸ ਰੰਬੀ ਨਹੀਂ ਕਿ (ਜੁੱਤੀ ਨੂੰ) ਟਾਕੀਆਂ ਲਾਵਾਂ (ਭਾਵ, ਮੇਰੇ ਅੰਦਰ ਲੋਭ ਨਹੀਂ ਕਿ ਚੰਗੇ ਚੰਗੇ ਖਾਣੇ ਲਿਆ ਕੇ ਨਿੱਤ ਸਰੀਰ ਨੂੰ ਪਾਲਦਾ ਰਹਾਂ) ॥੧॥

ਜਗਤ ਗੰਢ ਗੰਢ ਕੇ ਬਹੁਤ ਖ਼ੁਆਰ ਹੋ ਰਿਹਾ ਹੈ (ਭਾਵ, ਜਗਤ ਦੇ ਜੀਵ ਆਪੋ ਆਪਣੇ ਸਰੀਰ ਨੂੰ ਦਿਨ ਰਾਤ ਪਾਲਣ ਪੋਸਣ ਦੇ ਆਹਰੇ ਲੱਗ ਕੇ ਦੁਖੀ ਹੋ ਰਹੇ ਹਨ);

ਮੈਂ ਗੰਢਣ ਦਾ ਕੰਮ ਛੱਡ ਕੇ (ਭਾਵ, ਆਪਣੇ ਸਰੀਰ ਦੇ ਨਿੱਤ ਆਹਰੇ ਲੱਗੇ ਰਹਿਣ ਨੂੰ ਛੱਡ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜਿਆ ਹਾਂ ॥੨॥

ਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ, (ਤੇ, ਸਰੀਰ ਦਾ ਮੋਹ ਛੱਡ ਬੈਠਾ ਹੈ)

(ਇਸੇ ਵਾਸਤੇ) ਮੈਨੂੰ ਰਵਿਦਾਸ ਨੂੰ ਜਮਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ ॥੩॥੭॥

RELATED ARTICLES
- Advertisment -
Google search engine
Google search engine
Google search engine

Most Popular

Recent Comments