ਪੰਜਾਬ ਦੇ ਏਡਿਡ ਸਕੂਲ ਅਧਿਆਪਕਾਂ ਨੂੰ ਅੱਠ ਮਹੀਨੇ ਤੋਂ ਸਰਕਾਰ ਤਨਖਾਹਾਂ ਕਿਉਂ ਨਹੀਂ ਦੇ ਰਹੀ ?
ਤਰਨ ਤਾਰਨ, 5 ਨਵੰਬਰ (ਚੌਧਰੀ ਛਤਰਪਾਲ ਸਿੰਘ):
ਪੰਜਾਬ ਦੇ ਏਡਿਡ ਸਕੂਲ ਅਧਿਆਪਕਾਂ ਨੇ 7 ਨਵੰਬਰ ਨੂੰ ਤਰਨ ਤਾਰਨ ਵਿੱਚ ਵੱਡੇ ਪੱਧਰ ‘ਤੇ ਜੇਲ੍ਹ ਭਰੋ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਅੱਠ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਹਨ, ਜਿਸ ਕਾਰਨ ਉਨ੍ਹਾਂ ਦੇ ਘਰਾਂ ਵਿੱਚ ਆਰਥਿਕ ਤੰਗੀ ਪੈਦਾ ਹੋ ਚੁੱਕੀ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਸਕੂਲ ਮੈਨੇਜਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਚਾਵਲਾ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਅੰਦੋਲਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਹਜ਼ਾਰਾਂ ਵਰਕਿੰਗ ਅਤੇ ਰਿਟਾਇਰਡ ਕਰਮਚਾਰੀ ਇਸ ਰੋਸ ਪ੍ਰਦਰਸ਼ਨ ‘ਚ ਹਿੱਸਾ ਲੈਣਗੇ।
ਨੇਤਾਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਤੋਂ 10 ਗੰਭੀਰ ਸਵਾਲ ਪੁੱਛਦੇ ਹੋਏ ਕਿਹਾ ਕਿ ਏਡਿਡ ਸਕੂਲ ਅਧਿਆਪਕਾਂ ਨੇ ਤਨਖਾਹਾਂ ਬਿਨਾਂ ਵੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ — ਫਿਰ ਸਰਕਾਰ ਉਨ੍ਹਾਂ ਨਾਲ ਇਹ ਵਿਤਕਰਾ ਕਿਉਂ ਕਰ ਰਹੀ ਹੈ?
ਯੂਨੀਅਨ ਨੇ ਕਿਹਾ ਕਿ ਇਹ ਉਹ ਅਧਿਆਪਕ ਹਨ ਜਿਨ੍ਹਾਂ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ, ਦੇਸ਼ ਦੇ ਨਾਮੀ ਵਿਦਵਾਨ, ਖਿਡਾਰੀ ਅਤੇ ਅਧਿਕਾਰੀ ਤਿਆਰ ਕੀਤੇ ਹਨ, ਫਿਰ ਵੀ ਸਰਕਾਰ ਉਨ੍ਹਾਂ ਦੀਆਂ ਤਨਖਾਹਾਂ ਅੱਠ ਮਹੀਨਿਆਂ ਤੋਂ ਰੋਕ ਕੇ ਉਨ੍ਹਾਂ ਨਾਲ ਨਾਇੰਸਾਫੀ ਕਰ ਰਹੀ ਹੈ।
ਅਧਿਆਪਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਤੁਰੰਤ ਰੋਕੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਜੇਲ੍ਹ ਭਰੋ ਅੰਦੋਲਨ ਤੋਂ ਉੱਭਰਦੇ ਨਤੀਜਿਆਂ ਦੀ ਜ਼ਿੰਮੇਵਾਰੀ ਸਿੱਧੇ ਤੌਰ ‘ਤੇ ਰਾਜ ਸਰਕਾਰ ਦੀ ਹੋਵੇਗੀ। ਉਨ੍ਹਾਂ ਕਿਹਾ ਕਿ, “ਮਾਂ-ਬਾਪ ਤੇ ਗੁਰੂਆਂ ਦੇ ਸ਼ਰਾਪ ਤੋਂ ਕੋਈ ਨਹੀਂ ਬਚਦਾ — ਇਸ ਲਈ ਸਰਕਾਰ ਸਮੇਂ ਸਿਰ ਆਪਣੀ ਗਲਤੀ ਸੁਧਾਰੇ।”
📞 ਜਾਰੀ ਕਰਤਾ: ਅਸ਼ਵਨੀ ਕੁਮਾਰ ਮਦਾਨ (ਜ਼ਿਲ੍ਹਾ ਪ੍ਰਧਾਨ), ਹਰਵਿੰਦਰ ਪਾਲ (ਜ਼ਿਲ੍ਹਾ ਜਨਰਲ ਸਕੱਤਰ), ਅਨਿਲ ਕੁਮਾਰ ਭਾਰਤੀ (ਸੂਬਾ ਆਗੂ)
📱 ਸੰਪਰਕ: 79731-26853







