ਪਹਿਲੇ ਪੜਾਅ ਦੀ ਵੋਟਿੰਗ 6 ਨਵੰਬਰ ਨੂੰ, ਪ੍ਰਚਾਰ ਅੱਜ ਸ਼ਾਮ ਹੋਵੇਗਾ ਖਤਮ
ਪਟਨਾ, 4 ਨਵੰਬਰ (ਰਾਜੇਸ਼ ਕੁਮਾਰ): ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ 6 ਨਵੰਬਰ ਨੂੰ ਹੋਣੀ ਹੈ, ਜਦਕਿ ਪ੍ਰਚਾਰ ਦਾ ਆਖਰੀ ਦਿਨ ਅੱਜ ਸ਼ਾਮ ਹੈ। ਇਸ ਮੌਕੇ ਮਹਾਂਗਠਜੋੜ ਦੇ ਮੁੱਖ ਮੰਤਰੀ ਉਮੀਦਵਾਰ ਤੇਜਸਵੀ ਯਾਦਵ ਨੇ ਵੋਟਰਾਂ ਨੂੰ ਲੁਭਾਉਣ ਲਈ ਕਈ ਵੱਡੇ ਐਲਾਨ ਕੀਤੇ ਹਨ।
ਤੇਜਸਵੀ ਯਾਦਵ ਨੇ ਐਲਾਨ ਕੀਤਾ ਹੈ ਕਿ ਸਰਕਾਰ ਬਣਾਉਣ ਤੋਂ ਬਾਅਦ ਹਰ ਮਾਂ ਤੇ ਭੈਣ ਨੂੰ ਇੱਕ ਸਾਲ ਲਈ ₹30,000 ਦੀ ਇੱਕਮੁਸ਼ਤ ਰਕਮ “ਮਾਂ-ਭੈਣ ਮਾਨ ਯੋਜਨਾ” ਤਹਿਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਰਕਮ 14 ਜਨਵਰੀ, ਮਕਰ ਸੰਕ੍ਰਾਂਤੀ ਦੇ ਦਿਨ ਸਿੱਧੇ ਔਰਤਾਂ ਦੇ ਖਾਤਿਆਂ ਵਿੱਚ ਜਮ੍ਹਾ ਕਰਾਈ ਜਾਵੇਗੀ।
ਆਰਜੇਡੀ ਨੇਤਾ ਨੇ ਇਸਦੇ ਨਾਲ ਹੀ ਸਰਕਾਰੀ ਕਰਮਚਾਰੀਆਂ ਲਈ ਇਕ ਨਵੀਂ ਤਬਾਦਲਾ ਨੀਤੀ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੁਲਿਸ, ਅਧਿਆਪਕ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਆਪਣੇ ਘਰ ਤੋਂ ਵੱਧ ਤੋਂ ਵੱਧ 70 ਕਿਲੋਮੀਟਰ ਦੇ ਘੇਰੇ ਵਿੱਚ ਹੀ ਤਾਇਨਾਤ ਕੀਤਾ ਜਾਵੇਗਾ।
ਕਿਸਾਨਾਂ ਲਈ ਤੇਜਸਵੀ ਯਾਦਵ ਨੇ ਵਾਅਦਾ ਕੀਤਾ ਕਿ ਘੱਟੋ-ਘੱਟ ਸਮਰਥਨ ਮੁੱਲ ਤੋਂ ਇਲਾਵਾ, ਝੋਨੇ ਲਈ ₹300 ਅਤੇ ਕਣਕ ਲਈ ₹400 ਪ੍ਰਤੀ ਕੁਇੰਟਲ ਵਾਧੂ ਰਕਮ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਿੰਚਾਈ ਲਈ ਮੁਫ਼ਤ ਬਿਜਲੀ ਪ੍ਰਦਾਨ ਕਰਨ ਦੀ ਘੋਸ਼ਣਾ ਵੀ ਕੀਤੀ ਗਈ।
ਚੋਣ ਪ੍ਰਚਾਰ ਦੇ ਆਖਰੀ ਦਿਨ ਤੇਜਸਵੀ ਯਾਦਵ ਨੇ ਦਾਅਵਾ ਕੀਤਾ ਕਿ ਬਿਹਾਰ ਦੀ ਜਨਤਾ ਇਸ ਵਾਰ ਬਦਲਾਅ ਚਾਹੁੰਦੀ ਹੈ। ਉਨ੍ਹਾਂ ਕਿਹਾ, “ਲੋਕ 20 ਸਾਲਾਂ ਤੋਂ ਸੱਤਾ ਵਿਚ ਬੈਠੀ ਸਰਕਾਰ ਤੋਂ ਤੰਗ ਆ ਚੁੱਕੇ ਹਨ। ਬਿਹਾਰ ਦੇ ਲੋਕ ਇਸ ਵਾਰ ਨਵਾਂ ਇਤਿਹਾਸ ਰਚਣਗੇ।”
ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਵਿਸ਼ਵਾਸ ਜਤਾਇਆ ਕਿ ਮਹਾਂਗਠਜੋੜ ਨੂੰ ਜਿੱਤ ਮਿਲੇਗੀ ਅਤੇ 18 ਨਵੰਬਰ ਨੂੰ ਉਹ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਬਿਹਾਰ ਵਿੱਚ ਤਿੰਨ ਪੜਾਅ ਵਿੱਚ ਚੋਣਾਂ ਹੋਣੀਆਂ ਹਨ, ਜਿਨ੍ਹਾਂ ਵਿਚੋਂ ਪਹਿਲਾ ਪੜਾਅ 6 ਨਵੰਬਰ ਨੂੰ ਹੋਵੇਗਾ, ਜਦਕਿ ਬਾਕੀ ਪੜਾਅ ਦੀ ਵੋਟਿੰਗ ਅਗਲੇ ਹਫ਼ਤਿਆਂ ਵਿਚ ਹੋਵੇਗੀ।







