ਰੋਟੀ ਦੇ ਬਿੱਲ ਨੂੰ ਲੈ ਕੇ ਹੋਏ ਝਗੜੇ ਵਿੱਚ ਮਾਰਿਆ ਚਾਕੂ
ਪਟਿਆਲਾ (ਜਗਦੇਵ ਰੰਚਨਾਂ) : ਬੀਤੇ ਦਿਨ ਮਾਲ ਰੋਡ ਸਥਿਤ ਢਾਬੇ ਤੇ ਕੰਮ ਕਰਦੇ ਕਰਿੰਦੇ ਸੰਤੋਸ਼ ਯਾਦਵ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਦੀ ਪਹਿਚਾਣ ਰਾਹੁਲ ਵਾਸੀ ਸੁੰਦਰ ਨਗਰ, ਪਟਿਆਲਾ ਵਜੋਂ ਹੋਈ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਤਨਾਮ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੀ ਰਾਤ 6 ਮੁੰਡੇ ਇਸ ਢਾਬੇ ਤੇ ਰੋਟੀ ਖਾਣ ਆਏ ਸਨ। ਖਾਣੇ ਦੇ ਬਿੱਲ ਵਿੱਚ ਕਟੌਤੀ ਕਰਨ ਲਈ ਢਾਬੇ ਦੇ ਕੈਸ਼ੀਅਰ ਨਾਲ ਉਨ੍ਹਾਂ ਦੀ ਬਹਿਸ ਹੋ ਗਈ। ਕੈਸ਼ੀਅਰ ਨਾਲ ਹੱਥੋ ਪਾਈ ਹੋਣ ਤੋਂ ਬਾਅਦ ਭੱਜਣ ਲੱਗੇ ਤਾਂ ਉੱਕੇ ਕੰਮ ਕਰਦੇ ਕਰਿੰਦੇ ਸੰਤੋਸ਼ ਕੁਮਾਰ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵਿਚੋਂ ਇੱਕ (ਰਾਹੁਲ) ਨੇ ਗੁੱਸੇ ਵਿਚ ਉਸ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਤੇ ਉੱਥੋਂ ਭੱਜ ਨਿਕਲੇ। ਚਾਕੂ ਲੱਗਣ ਕਾਰਨ ਸੰਤੋਸ਼ ਦੀ ਮੌਤ ਹੋ ਗਈ। 6 ਮੁੰਡਿਆਂ ਖਿਲਾਫ ਪਰਚਾ ਦਰਜ ਕਰਕੇ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਭਾਰਤ ਨਗਰ ਵਾਸੀ ਸਰਵਨ ਕੁਮਾਰ (ਸੰਤੋਸ਼ ਦਾ ਭਰਾ) ਨੇ ਪੁਲਿਸ ਨੂੰ ਦਿੱਤੀ ਸੀ। ਉਸਨੇ ਦੱਸਿਆ ਕਿ ਉਸਦਾ ਭਰਾ ਸੰਤੋਸ਼ ਕੋਹਲੀ ਢਾਬੇ ਤੇ ਪੈਕਿੰਗ ਦਾ ਕੰਮ ਕਰਦਾ ਸੀ। ਪੁਲਿਸ ਨੇ ਸਰਵਨ ਦੀ ਸ਼ਿਕਾਇਤ ਤੇ ਗੋਪਾਲ ਉਰਫ ਰਾਹੁਲ, ਵਾਸੀ ਸੁੰਦਰ ਨਗਰ, ਬਿੰਦਰ,ਰੋਹਿਤ ਵਾਸੀ ਧੀਰੂ ਨਗਰ, ਵਿੱਕੀ ਵਾਸੀ ਸੂਲਰ, ਗੋਲਾ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।







