ਪਟਿਆਲਾ ਬਣੇਗਾ ਮੈਡੀਕਲ ਹੱਬ, ਰਜਿੰਦਰਾ ਹਸਪਤਾਲ ‘ਚ ਸ਼ੁਰੂ ਹੋਣਗੇ ਚਾਰ ਨਵੇਂ ਕੋਰਸ– ਡਾ. ਬਲਬੀਰ ਸਿੰਘ
ਪਟਿਆਲਾ, 3 ਨਵੰਬਰ (ਜਗਜੀਤ ਸਿੰਘ) : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਮੁੱਖ ਮੰਤਰੀ ਮਰੀਜ਼ ਸਹਾਇਤਾ ਕੇਂਦਰ ਅਤੇ ਈ-ਹਸਪਤਾਲ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਰਾਜ ਦੀ ਸਿਹਤ ਪ੍ਰਣਾਲੀ ਨੂੰ ਡਿਜ਼ੀਟਲ ਤੇ ਆਧੁਨਿਕ ਯੁੱਗ ਨਾਲ ਜੋੜਿਆ ਗਿਆ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਰਾਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਨੂੰ ਤੇਜ਼, ਪਾਰਦਰਸ਼ੀ ਅਤੇ ਆਸਾਨ ਸਿਹਤ ਸੇਵਾਵਾਂ ਉਪਲਬਧ ਹੋਣਗੀਆਂ। ਜਲਦੀ ਹੀ ਇਹ ਪ੍ਰਣਾਲੀ ਰਾਜ ਦੇ ਹੋਰ ਜ਼ਿਲ੍ਹਾ ਤੇ ਸਬ-ਡਿਵੀਜ਼ਨ ਹਸਪਤਾਲਾਂ ਵਿੱਚ ਵੀ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਰਜਿੰਦਰਾ ਹਸਪਤਾਲ ਦੀ ਗਵਾਚੀ ਸ਼ਾਨ ਮੁੜ ਬਹਾਲ ਕੀਤੀ ਹੈ। ਇੱਥੇ ਹੁਣ ਕ੍ਰਿਟੀਕਲ ਮੈਡੀਸਿਨ, ਫੈਮਿਲੀ ਮੈਡੀਸਿਨ, ਪੈਲੀਏਟਿਵ ਤੇ ਜੈਰੀਏਟ੍ਰਿਕ ਕੇਅਰ ਦੇ ਚਾਰ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਤੋਂ ਇਲਾਵਾ, 300 ਬੈੱਡਾਂ ਦਾ ਨਵਾਂ ਟਰੌਮਾ ਕੇਅਰ ਹਸਪਤਾਲ ਵੀ ਬਣਾਇਆ ਜਾ ਰਿਹਾ ਹੈ, ਤਾਂ ਜੋ ਕਿਸੇ ਮਰੀਜ਼ ਨੂੰ ਵੈਂਟੀਲੇਟਰ ਦੀ ਘਾਟ ਕਾਰਨ ਚੰਡੀਗੜ੍ਹ ਰੈਫਰ ਨਾ ਕਰਨਾ ਪਵੇ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਕਿੰਗਜ਼ ਇਲੈਵਨ ਪੰਜਾਬ ਦੇ ਅਧੀਨ ਰਾਊਂਡ ਟੇਬਲ ਇੰਡੀਆ ਵੱਲੋਂ 30 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਮੁੱਖ ਮੰਤਰੀ ਮਰੀਜ਼ ਸਹਾਇਤਾ ਕੇਂਦਰ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਦਦਗਾਰ ਸਾਬਤ ਹੋਵੇਗਾ। ਇੱਥੇ ਉਡੀਕ ਕਮਰੇ, ਜਨ ਔਸ਼ਧੀ ਸਹੂਲਤ, ਬਜ਼ੁਰਗ ਤੇ ਅਪਾਹਜਾਂ ਲਈ ਹੈਲਪ ਡੈਸਕ ਸਥਾਪਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ “ਇਸ ਨਾਲ ਮਰੀਜ਼ ਤੇ ਡਾਕਟਰਾਂ ਵਿਚਕਾਰ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ, ਅਤੇ ਮਰੀਜ਼ ਇੱਥੇ ਆ ਕੇ ਆਪਣੇ ਦੁੱਖਾਂ ਦਾ ਨਿਵਾਰਨ ਕਰਕੇ ਹੀ ਜਾਵੇਗਾ।”
ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਡਿਜ਼ੀਟਲ ਤੇ ਆਧੁਨਿਕ ਦੌਰ ਨਾਲ ਜੋੜਿਆ

ਸਿਹਤ ਮੰਤਰੀ ਨੇ ਦੱਸਿਆ ਕਿ ਈ-ਹਸਪਤਾਲ ਪ੍ਰਣਾਲੀ ਡਿਜ਼ੀਟਲ ਇੰਡੀਆ ਮੁਹਿੰਮ ਤਹਿਤ ਐਨ.ਆਈ.ਸੀ. ਦੁਆਰਾ ਵਿਕਸਿਤ ਇੱਕ ਓਪਨ ਸੋਰਸ ਹਸਪਤਾਲ ਮੈਨੇਜਮੈਂਟ ਸਿਸਟਮ ਹੈ। ਇਸ ਅਧੀਨ ਮਰੀਜ਼ਾਂ ਨੂੰ ਕੰਪਿਊਟਰਾਈਜ਼ਡ ਓਪੀਡੀ ਸਲਿੱਪਾਂ ਤੇ ਰਿਪੋਰਟਾਂ ਮਿਲਣਗੀਆਂ, ਅਤੇ ਸਾਰੇ ਕਾਰਜ — ਰਜਿਸਟ੍ਰੇਸ਼ਨ, ਬਿਲਿੰਗ, ਲੈਬ ਰਿਪੋਰਟਾਂ, ਯੂਨੀਕ ਹਸਪਤਾਲ ਆਈਡੀ (UHID) ਅਤੇ ਡਿਜ਼ੀਟਲ ਭੁਗਤਾਨ — ਔਨਲਾਈਨ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੀ ਹੈ। ਰਾਜ ਵਿੱਚ 3 ਸਰਕਾਰੀ ਤੇ 5 ਪ੍ਰਾਈਵੇਟ ਮੈਡੀਕਲ ਕਾਲਜਾਂ ਸਮੇਤ 8 ਨਵੇਂ ਕਾਲਜ ਜਲਦ ਸ਼ੁਰੂ ਕੀਤੇ ਜਾਣਗੇ। ਨਾਲ ਹੀ, ਹਰ ਪੰਜਾਬੀ ਨੂੰ 10 ਲੱਖ ਰੁਪਏ ਤੱਕ ਦੀ ਇਲਾਜ ਸਹੂਲਤ ਪ੍ਰਦਾਨ ਕਰਕੇ ਸਿਹਤ ਕਰਾਂਤੀ ਨੂੰ ਹੋਰ ਅੱਗੇ ਵਧਾਇਆ ਗਿਆ ਹੈ।
ਇਸ ਮੌਕੇ ਡੀ.ਆਰ.ਐਮ.ਈ. ਡਾ. ਅਵਨੀਸ਼ ਕੁਮਾਰ, ਡਾ. ਆਰ.ਪੀ.ਐਸ. ਸਿਬੀਆ, ਡਾ. ਵਿਸ਼ਾਲ ਚੋਪੜਾ, ਡਾ. ਸੁਧੀਰ ਵਰਮਾ, ਐਨ.ਆਈ.ਸੀ. ਅਧਿਕਾਰੀ ਵਿਵੇਕ ਵਰਮਾ, ਧਰਮੇਸ਼ ਕੁਮਾਰ, ਸੰਜੀਵ ਸ਼ਰਮਾ ਸਮੇਤ ਕਈ ਡਾਕਟਰ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤਿਨਿਧੀ, ਫੈਕਲਟੀ ਤੇ ਵਿਦਿਆਰਥੀ ਮੌਜੂਦ ਸਨ।







