ਘਨੌਲੀ, 3 ਨਵੰਬਰ (ਰਾਜੇਸ਼ ਕੁਮਾਰ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ (ਪੀ.ਐੱਸ.ਪੀ.ਸੀ.ਐੱਲ.) ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਅਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਦੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।
ਪਾਵਰਕਾਮ ਦੇ ਨਵੇਂ ਸੀ.ਐੱਮ.ਡੀ. ਬਸੰਤ ਗਰਗ ਵੱਲੋਂ ਜਾਰੀ ਹੁਕਮਾਂ ਅਨੁਸਾਰ, ਦੋਵੇਂ ਸਰਕਾਰੀ ਥਰਮਲ ਪਲਾਂਟਾਂ ਦਾ ਬਾਲਣ ਖਰਚਾ ਪ੍ਰਾਈਵੇਟ ਪਲਾਂਟਾਂ ਨਾਲੋਂ ਕਾਫੀ ਵੱਧ ਪਾਇਆ ਗਿਆ ਹੈ। ਰਿਪੋਰਟ ਮੁਤਾਬਕ, ਜਿੱਥੇ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਪ੍ਰਤੀ ਯੂਨਿਟ ਖਰਚਾ 0.75 ਰੁਪਏ ਦੇ ਕਰੀਬ ਹੈ, ਉੱਥੇ ਸਰਕਾਰੀ ਪਲਾਂਟਾਂ ਦਾ ਪ੍ਰਤੀ ਯੂਨਿਟ ਖਰਚਾ 1.25 ਰੁਪਏ ਵੱਧ ਹੈ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪੀ.ਐੱਸ.ਪੀ.ਸੀ.ਐੱਲ. ਕੋਲ ਆਪਣੀ ਕੋਲੇ ਦੀ ਖਾਣ ਝਾਰਖੰਡ ਦੇ ਪਛਵਾੜਾ ਖੇਤਰ ਵਿੱਚ ਮੌਜੂਦ ਹੋਣ ਦੇ ਬਾਵਜੂਦ ਵੀ ਬਾਲਣ ਪ੍ਰਬੰਧਨ ਵਿੱਚ ਗੜਬੜ ਹੈ। ਹਰੀਸ਼ ਸ਼ਰਮਾ ਦੀ ਮੁਅੱਤਲੀ ਦੌਰਾਨ ਉਨ੍ਹਾਂ ਦਾ ਹੈੱਡਕੁਆਰਟਰ ਪੀ.ਐੱਸ.ਪੀ.ਸੀ.ਐੱਲ. ਦਫ਼ਤਰ ਪਟਿਆਲਾ ਨਿਰਧਾਰਤ ਕੀਤਾ ਗਿਆ ਹੈ।
ਪਾਵਰਕਾਮ ਮੈਨੇਜਮੈਂਟ ਨੇ ਇਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਹਨ।







