6 ਨਵੰਬਰ ਤੱਕ ਗ੍ਰਾਂਟ ਜਾਰੀ ਨਾ ਕੀਤੀ ਤਾਂ 7 ਨਵੰਬਰ ਨੂੰ ਹੋਵੇਗਾ ‘ਜੇਲ੍ਹ ਭਰੋ’ ਅੰਦੋਲਨ

ਤਰਨਤਾਰਨ, 3 ਨਵੰਬਰ (ਰਾਜੇਸ਼ ਕੁਮਾਰ): ਪੰਜਾਬ ਦੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਪੁਰਸ਼ ਕਰਮਚਾਰੀਆਂ ਨੇ ਆਪਣੀਆਂ ਅੱਠ ਮਹੀਨਿਆਂ ਤੋਂ ਰੋਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕਰਦਿਆਂ ਅੱਜ ਤਰਨਤਾਰਨ ਸਾਹਿਬ ਵਿਖੇ ਅਰਧ ਨਗਨ ਹੋ ਕੇ ਜ਼ਬਰਦਸਤ ਰੋਸ਼ ਪ੍ਰਦਰਸ਼ਨ ਕੀਤਾ। ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ 6 ਨਵੰਬਰ ਤੱਕ ਗ੍ਰਾਂਟ ਜਾਰੀ ਨਾ ਕੀਤੀ, ਤਾਂ 7 ਨਵੰਬਰ ਨੂੰ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਇਹ ਪ੍ਰਦਰਸ਼ਨ ਪੰਜਾਬ ਰਾਜ ਸਰਕਾਰ-ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ (1967) ਵੱਲੋਂ ਸਰਪ੍ਰਸਤ ਗੁਰਚਰਨ ਸਿੰਘ ਚਾਹਲ, ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਜਨਰਲ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।
ਜ਼ਿਲ੍ਹਾ ਪਟਿਆਲਾ ਦੇ ਸੈਂਕੜੇ ਅਧਿਆਪਕਾਂ ਨੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਮਦਾਨ, ਜਨਰਲ ਸਕੱਤਰ ਹਰਵਿੰਦਰ ਪਾਲ ਅਤੇ ਸੂਬਾ ਆਗੂ ਅਨਿਲ ਕੁਮਾਰ ਭਾਰਤੀ ਦੀ ਅਗਵਾਈ ਵਿੱਚ ਇਸ ਰੋਸ਼ ਰੈਲੀ ਵਿੱਚ ਹਿੱਸਾ ਲਿਆ।
ਰੈਲੀ ਦੌਰਾਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਿਛਲੇ ਅੱਠ ਮਹੀਨਿਆਂ ਤੋਂ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਗ੍ਰਾਂਟ-ਇਨ-ਏਡ ਤਨਖਾਹਾਂ ਰੋਕਣ ਨਾਲ ਹਜ਼ਾਰਾਂ ਅਧਿਆਪਕ ਅਤੇ ਕਰਮਚਾਰੀ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਵਿੱਤ ਵਿਭਾਗ ਵੱਲੋਂ ਸਕੂਲ ਪ੍ਰਬੰਧਨ ਕਮੇਟੀਆਂ ਦੇ ਖਾਤਿਆਂ ਦੇ ਬੇਲੋੜੇ ਆਡਿਟ ਨੂੰ ਵਾਪਸ ਲਿਆ ਜਾਵੇ ਅਤੇ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ।
ਪੈਨਸ਼ਨਰ ਐਸੋਸੀਏਸ਼ਨ ਦੇ ਆਗੂਆਂ ਗੁਰਚਰਨ ਸਿੰਘ ਚਾਹਲ, ਡਾ. ਗੁਰਮੀਤ ਸਿੰਘ, ਜੋਸ਼ੀ ਜੀ ਅਤੇ ਐਨ.ਐਨ. ਸੈਣੀ ਨੇ ਕਿਹਾ ਕਿ ਜਿਹੜੀ ਵੀ ਸਰਕਾਰ ਸਹਾਇਤਾ ਪ੍ਰਾਪਤ ਸਕੂਲ ਵਿਰੋਧੀ ਨੀਤੀਆਂ ਲਿਆਈ ਹੈ, ਉਸਨੂੰ ਆਖ਼ਰਕਾਰ ਕਰਮਚਾਰੀਆਂ ਦੀ ਏਕਤਾ ਅੱਗੇ ਝੁਕਣਾ ਪਿਆ ਹੈ।
ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਆਪਣੇ ਗਲਤ ਫ਼ੈਸਲਿਆਂ ਨੂੰ ਵਾਪਸ ਲੈ ਕੇ ਅਧਿਆਪਕਾਂ ਦੀ ਤਨਖਾਹ ਜਾਰੀ ਕਰੇ।
ਰੈਲੀ ਤੋਂ ਬਾਅਦ ਹਜ਼ਾਰਾਂ ਅਧਿਆਪਕਾਂ ਅਤੇ ਪੈਨਸ਼ਨਰਾਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਤੱਕ ਮਾਰਚ ਕੀਤਾ ਅਤੇ ਉੱਥੇ ਵੀ ਅਰਧ ਨਗਨ ਹੋ ਕੇ ਵਿਰੋਧ ਦਰਸਾਇਆ।