ਹਿਸਾਰ, 2 ਨਵੰਬਰ (ਚੌਧਰੀ ਛਤਰਪਾਲ ਸਿੰਘ): ਹਰਿਆਣਾ ਦੇ ਸੀਨੀਅਰ ਨੇਤਾ, ਸਾਬਕਾ ਮੰਤਰੀ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਪੂਰਵ ਨੇਤਾ ਪ੍ਰੋ. ਸੰਪਤ ਸਿੰਘ ਨੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫ਼ਾ ਪੱਤਰ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਭੇਜਿਆ ਹੈ, ਜਿਸ ਦੀਆਂ ਕਾਪੀਆਂ ਰਾਹੁਲ ਗਾਂਧੀ ਅਤੇ ਹੋਰ ਸੀਨੀਅਰ ਆਗੂਆਂ ਨੂੰ ਵੀ ਭੇਜੀਆਂ ਗਈਆਂ ਹਨ।
ਅਸਤੀਫ਼ੇ ਵਿੱਚ ਪ੍ਰੋ. ਸਿੰਘ ਨੇ ਕਾਂਗਰਸ ਲੀਡਰਸ਼ਿਪ ‘ਤੇ ਕੜੇ ਸ਼ਬਦਾਂ ‘ਚ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ 2009 ਤੋਂ ਲਗਾਤਾਰ ਚੋਣਾਂ ਵਿੱਚ ਹਾਰ ਦੇ ਬਾਵਜੂਦ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ। ਟਿਕਟਾਂ ਦੀ ਬੇਇਮਾਨੀ ਅਤੇ ਵੋਟ ਚੋਰੀ ਵਰਗੀਆਂ ਘਟਨਾਵਾਂ ‘ਤੇ ਕੋਈ ਕਾਰਵਾਈ ਨਾ ਹੋਣਾ ਪਾਰਟੀ ਦੀ ਸਭ ਤੋਂ ਵੱਡੀ ਅਸਫਲਤਾ ਹੈ।
ਛੇ ਵਾਰ ਵਿਧਾਇਕ ਅਤੇ ਦੋ ਵਾਰ ਮੰਤਰੀ ਰਹਿ ਚੁੱਕੇ ਪ੍ਰੋ. ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸ ਵਿੱਚ ਯੋਗਤਾ ਦੀ ਬਜਾਏ ਭਾਈ-ਭਤੀਜਾਵਾਦ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਭਜਨ ਲਾਲ, ਰਾਓ ਇੰਦਰਜੀਤ ਸਿੰਘ, ਕੁਲਦੀਪ ਬਿਸ਼ਨੋਈ, ਅਸ਼ੋਕ ਤੰਵਰ ਅਤੇ ਧਰਮਬੀਰ ਸਿੰਘ ਵਰਗੇ ਸੀਨੀਅਰ ਆਗੂਆਂ ਨੂੰ ਅਣਦੇਖਾ ਕੀਤਾ।
ਉਨ੍ਹਾਂ ਆਖਿਆ ਕਿ “ਮੈਂ ਆਪਣੇ ਰਾਜ ਦੇ ਲੋਕਾਂ ਨੂੰ ਨਿਰਾਸ਼ ਨਹੀਂ ਕਰ ਸਕਦਾ। ਮੈਨੂੰ ਮੌਜੂਦਾ ਕਾਂਗਰਸ ਲੀਡਰਸ਼ਿਪ ‘ਤੇ ਹੁਣ ਕੋਈ ਵਿਸ਼ਵਾਸ ਨਹੀਂ ਰਿਹਾ, ਇਸ ਲਈ ਮੈਂ ਪਾਰਟੀ ਛੱਡਣ ਦਾ ਫੈਸਲਾ ਲਿਆ ਹੈ।”







