ਚੰਡੀਗੜ੍ਹ (ਜਗਜੀਤ ਸਿੰਘ) : ਪੋਸਟਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.) ਨੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਇਕ ਇਤਿਹਾਸਕ ਕਦਮ ਚੁੱਕਿਆ ਹੈ। ਸੰਸਥਾ ਨੇ 287 ਸਾਬਕਾ ਫੌਜੀਆਂ ਨੂੰ ਸੁਰੱਖਿਆ ਵਿਭਾਗ ’ਚ ਨਿਯੁਕਤ ਕਰਦੇ ਹੋਏ ਆਪਣੀ ਸੁਰੱਖਿਆ ਫੋਰਸ ਦੀ ਗਿਣਤੀ 1000 ਕਰਮਚਾਰੀਆਂ ਤੱਕ ਪਹੁੰਚਾ ਦਿੱਤੀ ਹੈ।
ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਕਿਹਾ ਕਿ ਫੌਜੀ ਅਨੁਸ਼ਾਸਨ, ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਨਾਲ ਸੰਸਥਾ ਦੀ ਸੁਰੱਖਿਆ ਪ੍ਰਣਾਲੀ ਵਿੱਚ ਨਵੀਂ ਸ਼ਕਤੀ ਆਏਗੀ। ਉਨ੍ਹਾਂ ਕਿਹਾ ਕਿ ਇਹ ਜਵਾਨ ਸਿਰਫ਼ ਸੁਰੱਖਿਆ ਨਹੀਂ, ਸਗੋਂ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਟਾਫ਼ ਲਈ ਸੁਰੱਖਿਅਤ ਤੇ ਸੰਵੇਦਨਸ਼ੀਲ ਮਾਹੌਲ ਬਣਾਉਣ ਵਿੱਚ ਭੂਮਿਕਾ ਨਿਭਾਉਣਗੇ।
ਸਮਾਰੋਹ ਦੌਰਾਨ ਸਾਰੇ 287 ਨਵੇਂ ਸੁਰੱਖਿਆ ਕਰਮਚਾਰੀ ਵਰਦੀ ਵਿੱਚ ਸ਼ਾਮਲ ਹੋਏ। ਇਸ ਮੌਕੇ ਡਿਪਟੀ ਡਾਇਰੈਕਟਰ ਪੰਕਜ ਰਾਏ, ਵਿੱਤੀ ਸਲਾਹਕਾਰ ਰਵਿੰਦਰ ਸਿੰਘ, ਕਾਰਜਕਾਰੀ ਮੈਡੀਕਲ ਸੁਪਰਡੈਂਟ ਪ੍ਰੋਫੈਸਰ ਅਸ਼ੋਕ ਕੁਮਾਰ ਅਤੇ ਡਾ. ਰਣਜੀਤ ਪਾਲ ਸਿੰਘ ਭੋਗਲ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ।
ਪ੍ਰੋਫੈਸਰ ਲਾਲ ਨੇ ਕਿਹਾ ਕਿ ਸਾਬਕਾ ਫੌਜੀਆਂ ਦੀ ਇਹ ਸ਼ਮੂਲੀਅਤ ਪੀ.ਜੀ.ਆਈ. ਦੀ ਸੁਰੱਖਿਆ ਪ੍ਰਣਾਲੀ ਵਿੱਚ ਅਨੁਸ਼ਾਸਨ, ਵਿਸ਼ਵਾਸ ਅਤੇ ਤਿਆਰੀ ਦੀ ਨਵੀਂ ਮਿਸਾਲ ਸਥਾਪਿਤ ਕਰੇਗੀ।
