ਜਗਰਾਓਂ, 1 ਨਵੰਬਰ (ਜਗਜੀਤ ਸਿੰਘ): ਬੀਤੇ ਦਿਨਾਂ ਜਗਰਾਓਂ ਵਿੱਚ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਨੇ ਸੂਬੇ ਭਰ ਵਿੱਚ ਰੋਸ ਪੈਦਾ ਕੀਤਾ ਹੈ। ਇਸ ਘਟਨਾ ਦੇ ਮੱਦੇਨਜ਼ਰ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਾਜਾ ਅਮਰਿੰਦਰ ਸਿੰਘ ਵੜਿੰਗ ਪੀੜਤ ਪਰਿਵਾਰ ਨਾਲ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਤੇ ਡੂੰਘਾ ਦੁੱਖ ਪ੍ਰਗਟ ਕੀਤਾ।
ਰਾਜਾ ਵੜਿੰਗ ਨੇ ਪਰਿਵਾਰ ਨੂੰ ਯਕੀਨ ਦਿਵਾਇਆ ਕਿ ਉਹ ਇਨਸਾਫ਼ ਦੀ ਲੜਾਈ ਵਿਚ ਹਰ ਕਦਮ ‘ਤੇ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਜੇ ਪਰਿਵਾਰ ਚਾਹੇ ਤਾਂ ਕੇਸ ਦੀ ਪੇਸ਼ੀ ਲਈ ਲੋੜੀਂਦਾ ਕਾਨੂੰਨੀ ਖ਼ਰਚਾ ਉਹ ਖੁਦ ਉਠਾਉਣਗੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੋਸਟਮਾਰਟਮ ਅਤੇ ਸਸਕਾਰ ਸੰਬੰਧੀ ਫੈਸਲਾ ਸਿਰਫ਼ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਹੋਵੇਗਾ, ਕਿਸੇ ਹੋਰ ਪਾਸੇ ਤੋਂ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਐਸ.ਐਸ.ਪੀ. ਦਫ਼ਤਰ ਦੇ ਘਿਰਾਓ ਤੋਂ ਵੀ ਪਿੱਛੇ ਨਹੀਂ ਹਟਣਗੇ। ਮੌਕੇ ‘ਤੇ ਰਾਜਾ ਵੜਿੰਗ ਨੇ ਸਥਾਨਕ ਐਸ.ਐਚ.ਓ. ਨਾਲ ਵੀ ਗੱਲਬਾਤ ਕੀਤੀ ਤੇ ਜਾਂਚ ਦੀ ਪ੍ਰਗਤੀ ਬਾਰੇ ਜਾਣਕਾਰੀ ਲਈ।
ਕਾਂਗਰਸੀ ਪ੍ਰਧਾਨ ਨੇ ਇਸ ਮੌਕੇ ਤੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਵਧ ਰਹੀਆਂ ਅਪਰਾਧਕ ਵਾਰਦਾਤਾਂ ਨਾਲ ਕਾਨੂੰਨ-ਵਿਵਸਥਾ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਉਨ੍ਹਾਂ ਕਿਹਾ ਕਿ “ਪਹਿਲਾਂ ਮਾਨਸਾ ਵਿੱਚ ਦੁਕਾਨਦਾਰ ‘ਤੇ ਗੋਲੀਆਂ ਚੱਲੀਆਂ, ਫਿਰ ਜਲੰਧਰ ਵਿੱਚ ਸੁਨਿਆਰੇ ਦੀ ਦੁਕਾਨ ਲੁੱਟੀ ਗਈ, ਅਤੇ ਹੁਣ ਜਗਰਾਓਂ ਵਿੱਚ ਤੇਜਪਾਲ ਸਿੰਘ ਦੀ ਹੱਤਿਆ — ਇਹ ਸਾਰੇ ਇਸ਼ਾਰੇ ਕਰਦੇ ਹਨ ਕਿ ਮਾੜੇ ਅਨਸਰਾਂ ਵਿਚੋਂ ਪੁਲਿਸ ਦਾ ਡਰ ਖ਼ਤਮ ਹੋ ਗਿਆ ਹੈ।”
ਉਨ੍ਹਾਂ ਮੌਜੂਦਾ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਲੋਕਾਂ ਵਿਚ ਦੁਬਾਰਾ ਭਰੋਸਾ ਪੈਦਾ ਕਰਨ ਲਈ ਕਾਨੂੰਨ-ਵਿਵਸਥਾ ਮਜ਼ਬੂਤ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦੀ ਸਜ਼ਾ ਦਿੱਤੀ ਜਾਵੇ।







