Home ਪਟਿਆਲਾ ਅਪਡੇਟ ਐਮ ਕੇ ਡੀ ਸਰਕਾਰੀ ਹਾਈ ਸਕੂਲ, ਘੜਾਮ ਵਿੱਚ ਪਰਾਲੀ ਨਾ ਸਾੜਣ ਸੰਬੰਧੀ...

ਐਮ ਕੇ ਡੀ ਸਰਕਾਰੀ ਹਾਈ ਸਕੂਲ, ਘੜਾਮ ਵਿੱਚ ਪਰਾਲੀ ਨਾ ਸਾੜਣ ਸੰਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ

0

ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਵਿਦਿਆਰਥੀਆਂ ਨੂੰ ਵਾਤਾਵਰਨ ਸੁਰੱਖਿਆ ਲਈ ਪ੍ਰੇਰਿਤ ਕੀਤਾ ਗਿਆ


ਦੇਵੀਗੜ੍ਹ, 31 ਅਕਤੂਬਰ (ਜਗਜੀਤ ਸਿੰਘ): ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨਾਲ ਸੰਬੰਧਤ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਪਟਿਆਲਾ ਵੱਲੋਂ ਪਰਾਲੀ ਸਾੜਨ ਤੋਂ ਰੋਕਥਾਮ ਲਈ ਜਾਗਰੂਕਤਾ ਮੁਹਿੰਮ ਤਹਿਤ ਐਮ ਕੇ ਡੀ ਸਰਕਾਰੀ ਹਾਈ ਸਕੂਲ, ਘੜਾਮ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ।

ਇਹ ਸਮਾਰੋਹ ਡਾ. ਹਰਦੀਪ ਸਿੰਘ ਸਭਿਖੀ (ਡਿਪਟੀ ਡਾਇਰੈਕਟਰ, ਸਿਖਲਾਈ) ਅਤੇ ਪ੍ਰਿੰਸੀਪਲ ਵਰਿੰਦਰ ਕੌਰ ਚਹਿਲ ਦੀ ਅਗਵਾਈ ਹੇਠ ਜਸਬੀਰ ਕੌਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸੈਮੀਨਾਰ ਦੌਰਾਨ ਵਿਦਿਆਰਥੀਆਂ ਵਿੱਚ ਲੇਖ ਰਚਨਾ, ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਕੇਂਦਰੀ ਵਿਸ਼ਾ “ਪਰਾਲੀ ਨਾ ਸਾੜੋ – ਧਰਤੀ ਬਚਾਓ” ਰਿਹਾ।

ਸਮਾਗਮ ਦੌਰਾਨ ਡਾ. ਗੁਰਉਪਦੇਸ਼ ਕੌਰ (ਪ੍ਰੋਫੈਸਰ, ਗ੍ਰਹਿ ਵਿਗਿਆਨ) ਨੇ ਪਰਾਲੀ ਸਾੜਨ ਨਾਲ ਹੋਣ ਵਾਲੇ ਵਾਤਾਵਰਣਕ ਨੁਕਸਾਨਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਸਮਾਜ ਵਿਚ ਜਾਗਰੂਕਤਾ ਦੇ ਰੂਪਕਾਰ ਬਣ ਸਕਦੇ ਹਨ ਅਤੇ ਕਿਸਾਨਾਂ ਨੂੰ ਵਿਕਲਪਕ ਤਰੀਕੇ ਅਪਣਾਉਣ ਲਈ ਪ੍ਰੇਰਿਤ ਕਰ ਸਕਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੰਕ ਫੂਡ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਵੀ ਸਲਾਹ ਦਿੱਤੀ।

ਇਸ ਮੌਕੇ ਡਾ. ਗੁਰਪ੍ਰੀਤ ਸਿੰਘ (ਸਹਾਇਕ ਪ੍ਰੋਫੈਸਰ, ਫਸਲ ਵਿਗਿਆਨ) ਨੇ ਝੋਨੇ ਦੀ ਪਰਾਲੀ ਸੰਭਾਲਣ ਲਈ ਤਕਨੀਕੀ ਹੱਲਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸਟ੍ਰਾ ਮੈਨੇਜਮੈਂਟ ਸਿਸਟਮ ਅਤੇ ਕੰਪੋਸਟਿੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿੱਚ ਸਮੇਂ ਅਨੁਸਾਰ ਨਵੇਂ ਤਰੀਕੇ ਅਪਣਾਉਣਾ ਹੀ ਵਾਤਾਵਰਣ ਬਚਾਅ ਦੀ ਕੁੰਜੀ ਹੈ।

ਵਿਦਿਆਰਥੀਆਂ ਵਿਚ ਕਰਵਾਏ ਮੁਕਾਬਲਿਆਂ ‘ਚ ਹਰਜੋਤ ਕੌਰ, ਕਮਲਪ੍ਰੀਤ ਕੌਰ, ਕੋਮਲ ਕੌਰ, ਖੁਸ਼ਪ੍ਰੀਤ ਕੌਰ, ਖੁਸ਼ ਕੌਰ ਅਤੇ ਇਸ਼ਾਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਨਾਮ ਜਿੱਤੇ। ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣਪੱਤਰ ਦੇ ਕੇ ਉਤਸ਼ਾਹਿਤ ਕੀਤਾ ਗਿਆ।

ਸਮਾਰੋਹ ਦੇ ਅੰਤ ਵਿੱਚ ਵਿਦਿਆਰਥਣਾਂ ਵੱਲੋਂ ਪਰਾਲੀ ਨਾ ਸਾੜਣ ਅਤੇ ਸਾਫ਼ ਹਵਾ ਬਚਾਉਣ ਦਾ ਸੰਦੇਸ਼ ਦਿੰਦੀ ਰੈਲੀ ਵੀ ਕੱਢੀ ਗਈ, ਜਿਸ ਨੇ ਪਿੰਡ ਵਾਸੀਆਂ ਦਾ ਧਿਆਨ ਖਿੱਚਿਆ ਅਤੇ ਸਭ ਨੂੰ ਵਾਤਾਵਰਨ ਪ੍ਰਤੀ ਜ਼ਿੰਮੇਵਾਰ ਬਣਨ ਦਾ ਸੁਨੇਹਾ ਦਿੱਤਾ।

Exit mobile version