ਅਮਰੀਕਾ ’ਚ ਦਿਲ ਦਾ ਦੌਰਾ ਪੈਣ ਨਾਲ ਮਜੀਠਾ ਦੇ ਨੌਜਵਾਨ ਡਾਕਟਰ ਦੀ ਮੌਤ
ਚਵਿੰਡਾ ਦੇਵੀ/ਮਜੀਠਾ, 31 ਅਕਤੂਬਰ (ਚੌਧਰੀ ਛਤਰਪਾਲ ਸਿੰਘ) : ਮਜੀਠਾ ਸ਼ਹਿਰ ਦੇ ਪ੍ਰਸਿੱਧ ਜੋਤ ਹਸਪਤਾਲ ਦੇ ਸੰਸਥਾਪਕ ਡਾਕਟਰ ਰੁਪਿੰਦਰ ਸਿੰਘ ਦੇ ਪੁੱਤਰ ਡਾਕਟਰ ਚਰਨਜੋਤ ਸਿੰਘ ਦੀ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਈ ਅਚਾਨਕ ਮੌਤ ਨੇ ਪੂਰੇ ਇਲਾਕੇ ਨੂੰ ਗਹਿਰੇ ਸੋਗ ਵਿੱਚ ਡੁੱਬੋ ਦਿੱਤਾ ਹੈ।
ਮਿਲੀ ਜਾਣਕਾਰੀ ਮੁਤਾਬਕ, ਡਾ. ਚਰਨਜੋਤ ਸਿੰਘ ਨੇ ਭਾਰਤ ਵਿੱਚ ਐਮ.ਬੀ.ਬੀ.ਐਸ ਪੂਰਾ ਕਰਨ ਤੋਂ ਬਾਅਦ ਡਾਕਟਰੀ ਦੀ ਉੱਚ ਸਿੱਖਿਆ ਲਈ ਅਮਰੀਕਾ ਦਾ ਰੁਖ ਕੀਤਾ ਸੀ। ਉਹ ਹਾਲ ਹੀ ਵਿੱਚ ਆਪਣੇ ਜੀਵਨ ਸਾਥੀ, ਜੋ ਖੁਦ ਵੀ ਡਾਕਟਰ ਹੈ, ਦੇ ਨਾਲ ਅਮਰੀਕਾ ਵਿਚ ਰਹਿ ਕੇ ਮੈਡੀਕਲ ਵਿਗਿਆਨ ਦੀ ਅੱਗੇਲੀ ਪੜ੍ਹਾਈ ਕਰ ਰਹੇ ਸਨ।
ਇਸ ਸਾਲ ਫਰਵਰੀ ਮਹੀਨੇ ਵਿਚ ਹੀ ਡਾ. ਚਰਨਜੋਤ ਦਾ ਵਿਆਹ ਹੋਇਆ ਸੀ। ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਮਜੀਠਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੁੱਖ ਦੀ ਲਹਿਰ ਦੌੜ ਗਈ।
ਪਰਿਵਾਰਕ ਸਰੋਤਾਂ ਅਨੁਸਾਰ, ਡਾ. ਰੁਪਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਇਸ ਸਮੇਂ ਅਮਰੀਕਾ ਵਿੱਚ ਹੀ ਹਨ ਅਤੇ ਆਪਣੇ ਪੁੱਤਰ ਨਾਲ ਰਹਿ ਰਹੇ ਸਨ। ਮਜੀਠਾ ਵਿਖੇ ਦਾਦਾ ਹਰਦੀਪ ਸਿੰਘ (ਰਿਟਾਇਰਡ ਜੇ.ਈ.) ਸਮੇਤ ਸਾਰਾ ਪਰਿਵਾਰ ਇਸ ਅਚਾਨਕ ਘਟਨਾ ਨਾਲ ਗਹਿਰੇ ਸਦਮੇ ਵਿੱਚ ਹੈ।
ਇਲਾਕੇ ਦੇ ਵਸਨੀਕਾਂ, ਸਮਾਜ ਸੇਵੀਆਂ, ਮੈਡੀਕਲ ਭਾਈਚਾਰੇ ਅਤੇ ਅਦਾਰਾ ਸ਼ਹੀਦ—ਏ—ਆਜ਼ਮ ਪਟਿਆਲਾ ਨੇ ਡਾ. ਚਰਨਜੋਤ ਸਿੰਘ ਦੀ ਮੌਤ ਨੂੰ ਇੱਕ ਵੱਡਾ ਨੁਕਸਾਨ ਕਰਾਰ ਦਿੰਦਿਆਂ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਹੈ।







