ਸ਼ੁਤਰਾਣਾ, 30 ਅਕਤੂਬਰ (ਚੌਧਰੀ ਛਤਰਪਾਲ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਇੰਚਾਰਜ ਬਾਬੂ ਕਬੀਰ ਦਾਸ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਦੀਆਂ ਵਾਅਦਿਆਂ ਤੇ ਆਧਾਰਿਤ ਨੀਤੀਆਂ ਜ਼ਮੀਨ ‘ਤੇ ਨਾ ਉਤਰ ਰਹੀਆਂ ਹਨ ਤੇ ਸੂਬੇ ਦੀ ਹਾਲਤ ਦਿਨੋਂਦਿਨ ਬਿਗੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਇੱਕ ਪਾਸੇ ਨੌਜਵਾਨ ਨਸ਼ੇ ਦੀ ਲਪੇਟ ਵਿੱਚ ਆ ਰਹੇ ਹਨ, ਉੱਥੇ ਦੂਜੇ ਪਾਸੇ ਸਰਕਾਰ ਵੱਲੋਂ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਕੇਵਲ ਦਿਖਾਵੇ ਤਕ ਹੀ ਸੀਮਿਤ ਰਹਿ ਗਈ ਹੈ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਵਧ ਰਹੇ ਅਪਰਾਧਾਂ, ਭ੍ਰਿਸ਼ਟਾਚਾਰ ਅਤੇ ਕਾਨੂੰਨ ਵਿਵਸਥਾ ਦੇ ਡਗਮਗਾਉਣ ਕਾਰਨ ਆਮ ਜਨਤਾ ਵਿੱਚ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ। “ਰਿਸ਼ਵਤਖ਼ੋਰੀ ਦੇ ਮਾਮਲੇ ਸੂਬੇ ਦੇ ਹਰ ਵਿਭਾਗ ਵਿੱਚ ਖੁੱਲ੍ਹੇਆਮ ਚੱਲ ਰਹੇ ਹਨ, ਪਰ ਸਰਕਾਰ ਖਾਮੋਸ਼ ਦਰਸ਼ਕ ਬਣੀ ਹੋਈ ਹੈ,” ਬਾਬੂ ਕਬੀਰ ਦਾਸ ਨੇ ਕਿਹਾ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਿਛਲੀ ਸਰਕਾਰ ਦੇ ਦੌਰਾਨ ਵਿਕਾਸ ਦੇ ਕਈ ਕੰਮ ਕੀਤੇ ਗਏ ਸਨ ਜਿਨ੍ਹਾਂ ਦਾ ਲਾਭ ਅੱਜ ਵੀ ਲੋਕ ਯਾਦ ਕਰਦੇ ਹਨ। ਇਸ ਮੌਕੇ ਸ਼ਹਿਰੀ ਪ੍ਰਧਾਨ ਵਿਸ਼ਾਲ ਗੋਇਲ ਸਮੇਤ ਅਕਾਲੀ ਦਲ ਦੇ ਕਈ ਵਰਕਰ ਮੌਜੂਦ ਸਨ।
ਬਾਬੂ ਕਬੀਰ ਦਾਸ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਦੁਬਾਰਾ ਤਰੱਕੀ ਦੀ ਰਾਹ ‘ਤੇ ਲਿਆਉਣਾ ਹੈ ਤਾਂ ਲੋਕਾਂ ਨੂੰ ਇੱਕ ਵਾਰ ਫਿਰ ਅਕਾਲੀ ਦਲ ‘ਤੇ ਭਰੋਸਾ ਕਰਨਾ ਹੋਵੇਗਾ।







