ਸੰਗਤ ਨੂੰ 3 ਨਵੰਬਰ ਨੂੰ ਜਾਣ ਦੀ ਆਗਿਆ ਦੇਣ ਦੀ ਸਰਕਾਰਾਂ ਨੂੰ ਅਪੀਲ—ਜਗਜੀਤ ਸਿੰਘ ਦਰਦੀ
ਪਟਿਆਲਾ/ਸਨੌਰ, 30 ਅਕਤੂਬਰ (ਚੌਧਰੀ ਛਤਰਪਾਲ ਸਿੰਘ): ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਰੋਹਾਂ ਨੂੰ ਲੈ ਕੇ ਪਾਕਿਸਤਾਨ ਜਾਣ ਵਾਲੇ ਸਿੱਖ ਜਥੇ ਨੂੰ ਲੈ ਕੇ ਹਾਲਾਤ ਅਜੇ ਵੀ ਸਪਸ਼ਟ ਨਹੀਂ ਹੋਏ। ਜਥੇ ਦੀ ਅਗਵਾਈ ਕਰ ਰਹੇ ਪਦਮਸ਼੍ਰੀ ਡਾ. ਜਗਜੀਤ ਸਿੰਘ ਦਰਦੀ ਨੇ ਜਾਣਕਾਰੀ ਦਿੱਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (5 ਨਵੰਬਰ) ਮੌਕੇ ਨਨਕਾਣਾ ਸਾਹਿਬ ਅਤੇ ਹੋਰ ਪਾਕਿਸਤਾਨ ਸਥਿਤ ਗੁਰਧਾਮਾਂ ਵਿਚ ਨਤਮਸਤਕ ਹੋਣ ਲਈ ਜਾ ਰਹੀਆਂ ਹਨ।
ਡਾ. ਦਰਦੀ ਨੇ ਦੱਸਿਆ ਕਿ ਆਮ ਤੌਰ ’ਤੇ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੁੰਦੀ ਹੈ, ਉਸੇ ਦਿਨ ਸੰਗਤ ਪਾਕਿਸਤਾਨ ਪਹੁੰਚਦੀ ਹੈ। ਪਰ ਇਸ ਵਾਰ ਪਾਕਿਸਤਾਨ ਸਰਕਾਰ ਵੱਲੋਂ ਨਵਾਂ ਨਿਯਮ ਲਗਾਇਆ ਗਿਆ ਹੈ ਜਿਸ ਅਧੀਨ ਜਥੇ ਨੂੰ 3 ਨਵੰਬਰ ਨੂੰ ਪਹੁੰਚਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਇਸ ਫੈਸਲੇ ਨਾਲ ਸਿੱਖ ਸੰਗਤਾਂ ਵਿੱਚ ਰੋਸ ਪੈਦਾ ਹੋਇਆ ਹੈ, ਕਿਉਂਕਿ ਉਹ ਅਖੰਡ ਪਾਠ ਦੀ ਆਰੰਭਤਾ ਵਿੱਚ ਹਾਜ਼ਰੀ ਦੇਣਾ ਚਾਹੁੰਦੇ ਹਨ।
ਉਨ੍ਹਾਂ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਹੈ ਕਿ ਸਿੱਖ ਸੰਗਤਾਂ ਨੂੰ 3 ਨਵੰਬਰ ਨੂੰ ਹੀ ਪਾਕਿਸਤਾਨ ਪਹੁੰਚਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਆਰੰਭਕ ਸਮਾਗਮਾਂ ਵਿੱਚ ਸ਼ਮੂਲੀਅਤ ਕਰ ਸਕਣ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਸਾਲ ਕੁੱਲ 170 ਸ਼ਰਧਾਲੂਆਂ ਨੇ ਕਮੇਟੀ ਰਾਹੀਂ ਵੀਜ਼ੇ ਲਈ ਅਰਜ਼ੀਆਂ ਦਿੱਤੀਆਂ ਸਨ, ਅਤੇ ਪਾਕਿਸਤਾਨੀ ਹਾਈ ਕਮਿਸ਼ਨ ਨੇ ਸਾਰੇ ਅਰਜ਼ੀਕਾਰਾਂ ਨੂੰ ਵੀਜ਼ੇ ਜਾਰੀ ਕਰ ਦਿੱਤੇ ਹਨ। ਸੰਗਤਾਂ ਨੂੰ ਆਪਣੇ ਪਾਸਪੋਰਟ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਤੋਂ ਇਕੱਤਰ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਗੁਰਪੁਰਬ ਮੌਕੇ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ ਸੀ, ਪਰ ਕਮੇਟੀ ਵੱਲੋਂ ਕੀਤੀ ਅਪੀਲ ਤੋਂ ਬਾਅਦ ਸਰਕਾਰ ਨੇ ਆਪਣੇ ਫੈਸਲੇ ’ਚ ਤਬਦੀਲੀ ਕਰ ਲਈ।
ਦਰਦੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਜਥੇ ਦੇ ਦਾਖਲੇ ਲਈ 4 ਨਵੰਬਰ ਦੀ ਤਾਰੀਖ ਮੁਕੱਰਰ ਕੀਤੀ ਹੈ, ਪਰ ਭਾਰਤ ਸਰਕਾਰ ਇਸ ਗੱਲ ਲਈ ਕੋਸ਼ਿਸ਼ਸ਼ੀਲ ਹੈ ਕਿ ਸਿੱਖ ਜਥੇ ਨੂੰ ਇੱਕ ਦਿਨ ਪਹਿਲਾਂ — 3 ਨਵੰਬਰ ਨੂੰ ਹੀ ਪਾਕਿਸਤਾਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲੇ। ਇਸ ਮਾਮਲੇ ’ਤੇ ਅੰਤਿਮ ਫ਼ੈਸਲਾ ਅਗਲੇ ਦੋ ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ, ਇਹ ਯਾਤਰਾ 10 ਦਿਨਾਂ ਤੱਕ ਚੱਲੇਗੀ ਅਤੇ ਜਥਾ 13 ਨਵੰਬਰ ਨੂੰ ਭਾਰਤ ਵਾਪਸ ਪਰਤੇਗਾ।
